ਜਲੰਧਰ : ਜਲੰਧਰ ਦੇ ਕੰਪਨੀ ਬਾਗ ਚੌਕ ‘ਤੇ ਜਲਦੀ ਹੀ ਇੱਕ ਆਧੁਨਿਕ ਅਤੇ ਆਕਰਸ਼ਕ ਫੂਡ ਸਟ੍ਰੀਟ ਬਣਾਈ ਜਾਵੇਗੀ, ਜਿਸਦਾ ਉਦੇਸ਼ ਵਸਨੀਕਾਂ ਅਤੇ ਸੈਲਾਨੀਆਂ ਨੂੰ ਸੁਆਦੀ ਭੋਜਨ ਦਾ ਵਿਲੱਖਣ ਅਨੁਭਵ ਪ੍ਰਦਾਨ ਕਰਨਾ ਹੈ। ਜਲੰਧਰ ਨਗਰ ਨਿਗਮ ਵੱਲੋਂ ਐਲਾਨ ਕੀਤੇ ਗਏ ਇਸ ਪ੍ਰੋਜੈਕਟ ਦੀ ਲਾਗਤ ₹1.25 ਕਰੋੜ ਹੋਵੇਗੀ, ਜਿਸ ‘ਚ 35 ਉੱਚ-ਮਿਆਰੀ ਫੂਡ ਸਟਾਲ ਸ਼ਾਮਲ ਹੋਣਗੇ। ਇਹ ਸਟਾਲ ਸਥਾਨਕ, ਮਹਾਂਦੀਪੀ ਅਤੇ ਅੰਤਰਰਾਸ਼ਟਰੀ ਪਕਵਾਨਾਂ ਦੀ ਪੇਸ਼ਕਸ਼ ਕਰਨਗੇ ਜਿੱਥੇ ਪ੍ਰਸਿੱਧ ਫੂਡ ਬ੍ਰਾਂਡਾਂ ਨੂੰ ਵੀ ਸਟਾਲ ਅਲਾਟ ਕੀਤੇ ਜਾਣਗੇ। ਨਿਗਮ ਨੇ ਭੋਜਨ ਦੀ ਗੁਣਵੱਤਾ ਅਤੇ ਸੁਰੱਖਿਆ ਨੂੰ ਪ੍ਰਾਥਮਿਕਤਾ ਦੇਣ ਦੀ ਗੱਲ ਕਹੀ ਹੈ।
ਫੂਡ ਸਟ੍ਰੀਟ ਦੀ ਵਿਸ਼ੇਸ਼ਤਾ ਇਹ ਰਹੇਗੀ ਕਿ ਇਹ ਕੰਪਨੀ ਬਾਗ ਅਤੇ ਮੁੱਖ ਸੜਕ ਦੋਵਾਂ ਤੋਂ ਐਂਟਰੀ ਪੁਆਇੰਟਾਂ ਨਾਲ ਡਿਜ਼ਾਈਨ ਕੀਤੀ ਜਾਵੇਗੀ, ਜਿਸ ਨਾਲ ਆਸਾਨ ਪਹੁੰਚ ਯਕੀਨੀ ਬਣਾਈ ਜਾਵੇਗੀ। ਟ੍ਰੈਫਿਕ ਪ੍ਰਬੰਧਨ, ਫੁੱਟਪਾਥਾਂ, ਬੈਠਣ ਦੀ ਵਿਵਸਥਾ, ਰੋਸ਼ਨੀ, ਸਫਾਈ ਅਤੇ ਸੀਸੀਟੀਵੀ ਕੈਮਰਿਆਂ ਦੀ ਸਹੂਲਤ ਵੀ ਉਪਲਬਧ ਹੋਵੇਗੀ। ਨਿਗਮ ਦੇ ਅਧਿਕਾਰੀਆਂ ਅਨੁਸਾਰ, ਇਹ ਫੂਡ ਸਟ੍ਰੀਟ ਨੌਜਵਾਨਾਂ, ਪਰਿਵਾਰਾਂ ਅਤੇ ਸੈਲਾਨੀਆਂ ਲਈ ਮਨੋਰੰਜਨ ਅਤੇ ਭੋਜਨ ਦਾ ਕੇਂਦਰ ਬਣੇਗੀ। ਸਥਾਨਕ ਵਪਾਰੀ ਅਤੇ ਛੋਟੇ ਰੈਸਟੋਰੈਂਟ ਮਾਲਕਾਂ ਨੂੰ ਵੀ ਇਸ ਪ੍ਰੋਜੈਕਟ ‘ਚ ਸ਼ਾਮਲ ਕੀਤਾ ਜਾਵੇਗਾ, ਜਿਸ ਨਾਲ ਸਥਾਨਕ ਆਰਥਿਕਤਾ ਨੂੰ ਵਧਾਵਾ ਮਿਲੇਗਾ।
ਇਹ ਨਵਾਂ ਉਪਰਾਲਾ ਜਲੰਧਰ ਸ਼ਹਿਰ ਨੂੰ ਇੱਕ ਨਵੀਂ ਪਹਚਾਣ ਦੇਣ ਵੱਲ ਇੱਕ ਕਦਮ ਮੰਨਿਆ ਜਾ ਰਿਹਾ ਹੈ।






