ਜ਼ੀਰਕਪੁਰ/ਚੰਡੀਗੜ੍ਹ: ਜ਼ੀਰਕਪੁਰ-ਪੰਚਕੂਲਾ ਰੋਡ ‘ਤੇ ਸਥਿਤ ਔਰਾ ਗਾਰਡਨ ਅਤੇ ਸੇਖੋਂ ਗਾਰਡਨ ਵਿੱਚ ਐਤਵਾਰ ਰਾਤ ਇੱਕ ਵਿਆਹ ਸਮਾਰੋਹ ਦੌਰਾਨ ਭਿਆਨਕ ਅੱਗ ਲੱਗਣ ਕਾਰਨ ਮੌਜੂਦ ਜਸ਼ਨ ਮਾਤਮ ਵਿੱਚ ਤਬਦੀਲ ਹੋ ਗਿਆ। ਪਟਾਕਿਆਂ ਦੀ ਚੰਗਿਆੜੀ ਨੇ ਵਿਆਹ ਦੇ ਪੰਡਾਲ ਨੂੰ ਲਪੇਟ ਵਿੱਚ ਲੈ ਲਿਆ, ਜਿਸ ਨਾਲ ਦੋਵੇਂ ਮੈਰਿਜ ਪੈਲੇਸ, ਸਜਾਵਟ ਅਤੇ ਸਟੇਜ ਕੁਝ ਮਿੰਟਾਂ ਵਿੱਚ ਹੀ ਸੜ ਕੇ ਰਾਖ ਹੋ ਗਏ। ਹਾਦਸੇ ਦੇ ਸਮੇਂ ਦੋਵਾਂ ਗਾਰਡਨਾਂ ਵਿੱਚ ਲਗਭਗ 1100 ਮਹਿਮਾਨ ਮੌਜੂਦ ਸਨ। ਅੱਗ ਲੱਗਣ ਨਾਲ ਸਿਰਫ ਇੱਕ ਹੀ ਮੁੱਖ ਗੇਟ ਹੋਣ ਕਰਕੇ ਲੋਕਾਂ ਵਿੱਚ ਹਫੜਾ-ਦਫੜੀ ਮਚ ਗਈ। ਔਰਤਾਂ ਅਤੇ ਬੱਚਿਆਂ ਸਮੇਤ ਸਾਰੇ ਮਹਿਮਾਨ ਜਾਨ ਬਚਾਉਣ ਲਈ ਇੱਕੋ ਰਸਤੇ ਰਾਹੀਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰਦੇ ਰਹੇ। ਕੁਝ ਨੌਜਵਾਨਾਂ ਨੇ ਹਿੰਮਤ ਦਿਖਾਉਂਦੇ ਹੋਏ ਸਟੇਜ ਅਤੇ ਸਜਾਵਟ ਹਟਾ ਕੇ ਰਸਤਾ ਬਣਾਇਆ ਅਤੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਵਿੱਚ ਮਦਦ ਕੀਤੀ।
ਅਮਰੀਕਾ-ਚੀਨ ਵਿਚਕਾਰ ਤਣਾਅ ਵਧਿਆ – ਟਰੰਪ ਨੇ ਤਾਈਵਾਨ ਦੀ ਰੱਖਿਆ ‘ਤੇ ਦਿੱਤਾ ਸਖ਼ਤ ਸੰਦੇਸ਼
ਚਸ਼ਮਦੀਦਾਂ ਅਨੁਸਾਰ ਅੱਗ ਰਾਤ 10:20 ਵਜੇ ਲੱਗੀ ਅਤੇ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ। ਹਾਲਾਂਕਿ, ਪਹਿਲੀ ਫਾਇਰ ਬ੍ਰਿਗੇਡ ਦੀ ਗੱਡੀ ਨੂੰ ਮੌਕੇ ‘ਤੇ ਪਹੁੰਚਣ ਵਿੱਚ ਲਗਭਗ 45 ਮਿੰਟ ਲੱਗ ਗਏ ਕਿਉਂਕਿ ਜ਼ੀਰਕਪੁਰ ਦੀਆਂ ਗੱਡੀਆਂ ਟ੍ਰੈਫਿਕ ਜਾਮ ਵਿੱਚ ਫਸ ਗਈਆਂ। ਹਾਲਾਤ ਦੇ ਗੰਭੀਰ ਹੋਣ ਕਾਰਨ ਪੰਚਕੂਲਾ, ਡੇਰਾਬੱਸੀ, ਮੋਹਾਲੀ, ਚੰਡੀਗੜ੍ਹ ਅਤੇ ਰਾਜਪੁਰਾ ਤੋਂ ਵੀ ਕੁੱਲ 11 ਤੋਂ ਵੱਧ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੰਗਵਾਈਆਂ ਗਈਆਂ। ਜਦ ਅੱਗ ਰਸੋਈ ਖੇਤਰ ਤੱਕ ਪਹੁੰਚੀ ਤਾਂ ਉੱਥੇ ਰੱਖੇ ਦੋ ਗੈਸ ਸਿਲੰਡਰ ਧਮਾਕਿਆਂ ਨਾਲ ਫਟ ਗਏ, ਜਿਸ ਨਾਲ ਇਲਾਕੇ ਵਿੱਚ ਦਹਿਸ਼ਤ ਫੈਲ ਗਈ। ਗਨੀਮਤ ਰਹੀ ਕਿ ਪਾਰਕਿੰਗ ਵਿੱਚ ਖੜ੍ਹੀਆਂ ਲਗਭਗ 250 ਕਾਰਾਂ ਨੂੰ ਸਮੇਂ ਸਿਰ ਬਾਹਰ ਕੱਢ ਲਿਆ ਗਿਆ, ਨਹੀਂ ਤਾਂ ਨੁਕਸਾਨ ਹੋਰ ਵਧ ਸਕਦਾ ਸੀ।
ਅੱਗ ਤੋਂ ਬਚੇ ਮਹਿਮਾਨਾਂ ਨੇ ਮੈਰਿਜ ਪੈਲੇਸ ਮਾਲਕਾਂ ‘ਤੇ ਗੰਭੀਰ ਲਾਪਰਵਾਹੀ ਦੇ ਦੋਸ਼ ਲਗਾਏ ਹਨ। ਉਨ੍ਹਾਂ ਅਨੁਸਾਰ ਔਰਾ ਗਾਰਡਨ ਵਿੱਚ ਨਾ ਤਾਂ ਫਾਇਰ ਅਲਾਰਮ ਸੀ, ਨਾ ਫਾਇਰ ਐਕਸਟਿੰਗੁਈਸ਼ਰ ਅਤੇ ਨਾ ਹੀ ਐਮਰਜੈਂਸੀ ਨਿਕਾਸ ਦਾ ਕੋਈ ਪ੍ਰਬੰਧ। ਇਸ ਤੋਂ ਇਲਾਵਾ, ਅੱਗ ਲੱਗਣ ਵੇਲੇ ਪੈਲੇਸ ਦਾ ਸਟਾਫ਼ ਵੀ ਮੌਕੇ ਤੋਂ ਭੱਜ ਗਿਆ। ASP ਗਜ਼ਲਪ੍ਰੀਤ ਕੌਰ ਨੇ ਦੱਸਿਆ ਕਿ ਐਨੇ ਵੱਡੇ ਸਮਾਰੋਹ ਲਈ ਮੈਰਿਜ ਪੈਲੇਸ ਮਾਲਕਾਂ ਨੂੰ ਅੱਗ ਨਾਲ ਨਜਿੱਠਣ ਦੇ ਲਾਜ਼ਮੀ ਪ੍ਰਬੰਧ ਕਰਨੇ ਚਾਹੀਦੇ ਸਨ। ਉਨ੍ਹਾਂ ਦੀ ਲਾਪਰਵਾਹੀ ਦੇ ਮੱਦੇਨਜ਼ਰ ਉਨ੍ਹਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪੁਲਿਸ ਵੱਲੋਂ ਦੋਵਾਂ ਪੈਲੇਸ ਮਾਲਕਾਂ, ਡੈਕੋਰੇਸ਼ਨ ਟੀਮ ਅਤੇ ਬਰਾਤੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਪਟਾਕੇ ਕਿਸਨੇ ਚਲਾਏ ਅਤੇ ਕਿੱਥੋਂ ਲਿਆਂਦੇ ਗਏ ਸਨ।
ਲਾਅ ਵਿਦਿਆਰਥਣ ਨੇ ਸੁਸਾਈਡ ਨੋਟ ਲਿਖ ਜੀਵਨ-ਲੀਲ੍ਹਾ ਕੀਤੀ ਖ਼ਤਮ, ਦੱਸਿਆ ਕਾਰਨ
ਇਹ ਹਾਦਸਾ ਇੱਕ ਵਾਰ ਫਿਰ ਸਥਾਨਕ ਮੈਰਿਜ ਪੈਲੇਸਾਂ ਵਿੱਚ ਫਾਇਰ ਸੇਫਟੀ ਪ੍ਰਬੰਧਾਂ ਦੀ ਹਕੀਕਤ ਨੂੰ ਉਜਾਗਰ ਕਰ ਗਿਆ ਹੈ।

