Sanjay Gupta Death: ਹਿੰਦੀ ਫ਼ਿਲਮ ਇੰਡਸਟਰੀ ਤੋਂ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਮਸ਼ਹੂਰ ਫ਼ਿਲਮ ਨਿਰਦੇਸ਼ਕ ਸੰਜੇ ਗੁਪਤਾ ਦਾ 30 ਅਕਤੂਬਰ ਦੀ ਰਾਤ ਨੂੰ 59 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਮੁੱਢਲੀ ਜਾਣਕਾਰੀ ਮੁਤਾਬਕ, ਉਹ ਰਾਤ ਸਮੇਂ ਆਪਣੇ ਘਰ ਦੇ ਬਾਥਰੂਮ ਵਿੱਚ ਡਿੱਗ ਪਏ ਸਨ, ਜਿਸ ਕਾਰਨ ਉਨ੍ਹਾਂ ਦੇ ਸਿਰ ‘ਤੇ ਗੰਭੀਰ ਸੱਟ ਲੱਗੀ। ਦੱਸਿਆ ਜਾ ਰਿਹਾ ਹੈ ਕਿ ਰਾਤ ਨੂੰ ਵਾਪਰੀ ਇਸ ਘਟਨਾ ਬਾਰੇ ਕਿਸੇ ਨੂੰ ਪਤਾ ਨਹੀਂ ਲੱਗ ਸਕਿਆ ਅਤੇ 31 ਅਕਤੂਬਰ ਦੀ ਸਵੇਰ ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਸਾਹਮਣੇ ਆਈ।
ਫ਼ਿਲਮ ਨਿਰਮਾਤਾ ਅਸ਼ੋਕ ਪੰਡਿਤ ਨੇ ਸੋਸ਼ਲ ਮੀਡੀਆ ‘ਤੇ ਸੰਜੇ ਗੁਪਤਾ ਦੀ ਤਸਵੀਰ ਸਾਂਝੀ ਕਰਦਿਆਂ ਉਨ੍ਹਾਂ ਦੇ ਦੇਹਾਂਤ ਦੀ ਪੁਸ਼ਟੀ ਕੀਤੀ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਭਾਵੁਕ ਪੋਸਟ ਲਿਖ ਕੇ ਸੰਜੇ ਨੂੰ ਯਾਦ ਕੀਤਾ। ਅਸ਼ੋਕ ਪੰਡਿਤ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਪਿਆਰੇ ਦੋਸਤ ਅਤੇ ਸ਼ਾਨਦਾਰ ਨਿਰਦੇਸ਼ਕ ਦੇ ਚਲੇ ਜਾਣ ਦੀ ਖ਼ਬਰ ਸੁਣ ਕੇ ਡੂੰਘਾ ਸਦਮਾ ਲੱਗਾ ਹੈ।
ਆਪਣੀ ਪੋਸਟ ਵਿੱਚ ਅਸ਼ੋਕ ਪੰਡਿਤ ਨੇ ਸੰਜੇ ਗੁਪਤਾ ਨੂੰ ਬਿਹਤਰੀਨ ਕਹਾਣੀਕਾਰ, ਜ਼ਿੰਦਾਦਿਲ ਇਨਸਾਨ ਅਤੇ ਫ਼ਿਲਮਾਂ ਪ੍ਰਤੀ ਜਨੂੰਨ ਰੱਖਣ ਵਾਲਾ ਨਿਰਦੇਸ਼ਕ ਦੱਸਿਆ। ਉਨ੍ਹਾਂ ਮੁਤਾਬਕ, ਸੰਜੇ ਦਾ ਇਸ ਤਰ੍ਹਾਂ ਚਲੇ ਜਾਣਾ ਫ਼ਿਲਮ ਇੰਡਸਟਰੀ ਲਈ ਵੱਡਾ ਘਾਟਾ ਹੈ। ਉਨ੍ਹਾਂ ਨੇ ਸੰਜੇ ਦੇ ਪਰਿਵਾਰ ਅਤੇ ਕਰੀਬੀਆਂ ਨਾਲ ਹਮਦਰਦੀ ਜ਼ਾਹਰ ਕਰਦਿਆਂ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ। ਅੰਤਿਮ ਸੰਸਕਾਰ ਸਬੰਧੀ ਜਾਣਕਾਰੀ ਬਾਅਦ ਵਿੱਚ ਸਾਂਝੀ ਕਰਨ ਦੀ ਗੱਲ ਵੀ ਕਹੀ।
ਅਸ਼ੋਕ ਪੰਡਿਤ ਦੀ ਪੋਸਟ ਸਾਹਮਣੇ ਆਉਣ ਤੋਂ ਬਾਅਦ ਫ਼ਿਲਮ ਇੰਡਸਟਰੀ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਇਸ ਮਾਮਲੇ ਵਿੱਚ ਵਰਸੋਵਾ ਪੁਲਿਸ ਨੇ ਐਕਸੀਡੈਂਟਲ ਡੈਥ ਰਿਪੋਰਟ (ADR) ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਨੁਸਾਰ, ਮੁੱਢਲੀ ਜਾਂਚ ਦੌਰਾਨ ਕਿਸੇ ਸਾਜ਼ਿਸ਼ ਜਾਂ ਗਲਤ ਕਾਰਵਾਈ ਦਾ ਸ਼ੱਕ ਸਾਹਮਣੇ ਨਹੀਂ ਆਇਆ ਹੈ।
ਸੰਜੇ ਗੁਪਤਾ ਨੇ 1994 ਵਿੱਚ ਫ਼ਿਲਮ ‘ਆਤਿਸ਼: ਫੀਲ ਦ ਫਾਇਰ’ ਨਾਲ ਨਿਰਦੇਸ਼ਕ ਵਜੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਫ਼ਿਲਮ ਵਿੱਚ ਸੰਜੇ ਦੱਤ ਅਤੇ ਆਦਿਤਿਆ ਪੰਚੋਲੀ ਮੁੱਖ ਭੂਮਿਕਾਵਾਂ ਵਿੱਚ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ‘ਰਾਮ ਸ਼ਾਸਤਰ’, ‘ਹਮੇਸ਼ਾ’, ‘ਜੰਗ’ ਅਤੇ ‘ਖ਼ੌਫ਼’ ਵਰਗੀਆਂ ਫ਼ਿਲਮਾਂ ਦਾ ਨਿਰਦੇਸ਼ਨ ਕੀਤਾ। ਸਾਲ 2002 ਵਿੱਚ ਰਿਲੀਜ਼ ਹੋਈ ‘ਕਾਂਟੇ’ ਉਨ੍ਹਾਂ ਦੇ ਕਰੀਅਰ ਦੀਆਂ ਸਭ ਤੋਂ ਚਰਚਿਤ ਫ਼ਿਲਮਾਂ ਵਿੱਚੋਂ ਇੱਕ ਰਹੀ, ਜਿਸ ਵਿੱਚ ਅਮਿਤਾਭ ਬੱਚਨ, ਸੰਜੇ ਦੱਤ ਅਤੇ ਸੁਨੀਲ ਸ਼ੈੱਟੀ ਸਮੇਤ ਕਈ ਕਲਾਕਾਰ ਨਜ਼ਰ ਆਏ ਸਨ।
ਸੰਜੇ ਗੁਪਤਾ ਨੇ ਸੰਜੇ ਦੱਤ ਨਾਲ ਵੀ ਕਈ ਫ਼ਿਲਮਾਂ ਵਿੱਚ ਕੰਮ ਕੀਤਾ। ਦੋਵਾਂ ਦੀ ਜੋੜੀ ‘ਮੁਸਾਫ਼ਿਰ’, ‘ਜ਼ਿੰਦਾ’ ਅਤੇ ‘ਸ਼ੂਟਆਊਟ ਐਟ ਲੋਖੰਡਵਾਲਾ’ ਵਰਗੀਆਂ ਫ਼ਿਲਮਾਂ ਲਈ ਜਾਣੀ ਜਾਂਦੀ ਹੈ। ਉਨ੍ਹਾਂ ਨੇ ‘ਕਾਬਿਲ’ ਅਤੇ ‘ਮੁੰਬਈ ਸਾਗਾ’ ਦਾ ਵੀ ਨਿਰਦੇਸ਼ਨ ਕੀਤਾ। ਨਿਰਦੇਸ਼ਨ ਤੋਂ ਇਲਾਵਾ ਉਹ ਨਿਰਮਾਤਾ ਅਤੇ ਸਕ੍ਰੀਨਰਾਈਟਰ ਵਜੋਂ ਵੀ ਸਰਗਰਮ ਰਹੇ ਅਤੇ ‘ਦਸ ਕਹਾਣੀਆਂ’, ‘ਪਲਾਨ’, ‘ਵੁੱਡਸਟਾਕ ਵਿਲਾ’, ‘ਐਸਿਡ ਫੈਕਟਰੀ’ ਅਤੇ ‘ਪੰਖ’ ਵਰਗੀਆਂ ਫ਼ਿਲਮਾਂ ਨਾਲ ਜੁੜੇ ਰਹੇ। ਉਨ੍ਹਾਂ ਦੇ ਆਖ਼ਰੀ ਕੰਮਾਂ ਵਿੱਚ 2025 ਵਿੱਚ ਰਿਲੀਜ਼ ਹੋਈ ‘ਦ ਮਿਰਾਂਡਾ ਬ੍ਰਦਰਜ਼’ ਵੀ ਸ਼ਾਮਲ ਹੈ, ਜਿਸ ਵਿੱਚ ਹਰਸ਼ਵਰਧਨ ਰਾਣੇ ਅਤੇ ਮੀਜ਼ਾਨ ਜਾਫ਼ਰੀ ਨਜ਼ਰ ਆਏ ਸਨ।

