ਪੰਜਾਬ ਡੈਸਕ: ਫਤਿਹਗੜ੍ਹ ਚੂੜੀਆਂ ਨਗਰ ਕੌਂਸਲ ਦੇ ਪ੍ਰਧਾਨ ਅਤੇ ਉਪ ਪ੍ਰਧਾਨ ਦੀ ਚੋਣ ਸ਼ਾਂਤੀਪੂਰਨ ਮਾਹੌਲ ਵਿੱਚ ਸੰਪੰਨ ਹੋ ਗਈ। ਇਸ ਚੋਣ ਵਿੱਚ ਕਾਂਗਰਸ ਦੇ ਕੁਲਵਿੰਦਰ ਸਿੰਘ ਲਾਲੀ ਨੂੰ ਨਗਰ ਕੌਂਸਲ ਦਾ ਪ੍ਰਧਾਨ ਚੁਣਿਆ ਗਿਆ, ਜਦਕਿ ਸ਼੍ਰੋਮਣੀ ਅਕਾਲੀ ਦਲ ਦੀ ਬੀਬੀ ਗੁਰਜੀਤ ਕੌਰ ਰੰਧਾਵਾ ਨੇ ਉਪ ਪ੍ਰਧਾਨ ਦਾ ਅਹੁਦਾ ਸੰਭਾਲਿਆ। ਇਸ ਚੋਣ ਦੀ ਖ਼ਾਸ ਗੱਲ ਇਹ ਰਹੀ ਕਿ ਪ੍ਰਧਾਨ ਦੇ ਅਹੁਦੇ ਲਈ ਕਾਂਗਰਸ ਉਮੀਦਵਾਰ ਨੂੰ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕੌਂਸਲਰਾਂ ਵੱਲੋਂ ਵੀ ਸਮਰਥਨ ਮਿਲਿਆ।
ਨਿਯਮਾਂ ਮੁਤਾਬਕ ਪੂਰੀ ਹੋਈ ਚੋਣ ਪ੍ਰਕਿਰਿਆ
ਚੋਣ ਤੋਂ ਬਾਅਦ ਐਸਡੀਐਮ ਬਟਾਲਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਚੋਣ ਪ੍ਰਕਿਰਿਆ ਸਰਕਾਰੀ ਨਿਯਮਾਂ ਅਤੇ ਕਾਨੂੰਨੀ ਪ੍ਰਬੰਧਾਂ ਅਨੁਸਾਰ ਪੂਰੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਕੁਲਵਿੰਦਰ ਸਿੰਘ ਲਾਲੀ ਨੂੰ ਪ੍ਰਧਾਨ ਅਤੇ ਬੀਬੀ ਗੁਰਜੀਤ ਕੌਰ ਰੰਧਾਵਾ ਨੂੰ ਉਪ ਪ੍ਰਧਾਨ ਚੁਣਿਆ ਗਿਆ ਹੈ।
ਕਾਂਗਰਸ ਨੂੰ ਮਿਲਿਆ ਵੱਖ-ਵੱਖ ਪਾਰਟੀਆਂ ਦਾ ਸਮਰਥਨ : ਬਾਜਵਾ
ਫਤਿਹਗੜ੍ਹ ਚੂੜੀਆਂ ਦੇ ਵਿਧਾਇਕ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਨਗਰ ਕੌਂਸਲ ਚੋਣ ਵਿੱਚ ਕਾਂਗਰਸ ਨੂੰ ਹੋਰ ਪਾਰਟੀਆਂ ਦੇ ਕੌਂਸਲਰਾਂ ਦਾ ਸਹਿਯੋਗ ਮਿਲਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਦੇ ਕੌਂਸਲਰ ਨੇ ਵੀ ਕਾਂਗਰਸ ਉਮੀਦਵਾਰ ਦੇ ਹੱਕ ਵਿੱਚ ਵੋਟ ਪਾਈ, ਜਦਕਿ ਅਕਾਲੀ ਦਲ ਵੱਲੋਂ ਵੀ ਪ੍ਰਧਾਨ ਦੀ ਚੋਣ ਵਿੱਚ ਸਹਿਯੋਗ ਦਿੱਤਾ ਗਿਆ।
ਉਨ੍ਹਾਂ ਕਿਹਾ ਕਿ ਪਾਰਟੀ ਹਾਈਕਮਾਂਡ ਦੀਆਂ ਹਦਾਇਤਾਂ ਅਨੁਸਾਰ ਸ਼ਹਿਰ ਦੇ ਵਿਕਾਸ ਅਤੇ ਲੋਕ ਭਲਾਈ ਦੇ ਕੰਮਾਂ ਨੂੰ ਅੱਗੇ ਵਧਾਇਆ ਜਾਵੇਗਾ।
ਵਿਕਾਸ ਕਾਰਜਾਂ ਨੂੰ ਮਿਲੇਗੀ ਪਹਿਲ : ਨਵੇਂ ਪ੍ਰਧਾਨ
ਨਵੇਂ ਚੁਣੇ ਗਏ ਪ੍ਰਧਾਨ ਕੁਲਵਿੰਦਰ ਸਿੰਘ ਲਾਲੀ ਨੇ ਆਪਣੀ ਜਿੱਤ ਲਈ ਕਾਂਗਰਸ ਸਮੇਤ ਸਾਰੀਆਂ ਸਹਿਯੋਗੀ ਧਿਰਾਂ ਦੇ ਕੌਂਸਲਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਵਿੱਚ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸ਼ਹਿਰ ਦੇ ਵਿਕਾਸ ਨੂੰ ਤਰਜੀਹ ਦਿੱਤੀ ਜਾਵੇਗੀ। ਉਨ੍ਹਾਂ ਭਰੋਸਾ ਦਿੱਤਾ ਕਿ ਲੋਕਾਂ ਨਾਲ ਜੁੜੇ ਮੁੱਦਿਆਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕਰਨ ਲਈ ਕੰਮ ਕੀਤਾ ਜਾਵੇਗਾ।
ਬੀਬੀ ਗੁਰਜੀਤ ਕੌਰ ਨੇ ਜਤਾਇਆ ਧੰਨਵਾਦ
ਉਪ ਪ੍ਰਧਾਨ ਚੁਣੀ ਗਈ ਬੀਬੀ ਗੁਰਜੀਤ ਕੌਰ ਰੰਧਾਵਾ ਨੇ ਕਿਹਾ ਕਿ ਉਨ੍ਹਾਂ ਨੇ ਪਾਰਟੀ ਆਗੂਆਂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚੋਣ ਵਿੱਚ ਹਿੱਸਾ ਲਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਅਹੁਦੇ ਲਈ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਦਾ ਵੀ ਸਮਰਥਨ ਮਿਲਿਆ ਹੈ, ਜਿਸ ਲਈ ਉਹ ਸਾਰਿਆਂ ਦਾ ਧੰਨਵਾਦ ਕਰਦੇ ਹਨ। ਉਨ੍ਹਾਂ ਕਿਹਾ ਕਿ ਉਹ ਮਿਲੀ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਅਤੇ ਨਿਸ਼ਠਾ ਨਾਲ ਨਿਭਾਉਣਗੇ।
fatehgarh-churian-municipal
