Site icon Dainik Savera Punjab

Double Murder in Punjab : ਗੁਰੂਨਗਰੀ ਅੰਮ੍ਰਿਤਸਰ ‘ਚ ਗੋਲੀਬਾਰੀ, ਇੱਕ ASI ਤੇ ਇੱਕ ਨੌਜਵਾਨ ਦਾ ਸ਼ਰ੍ਹੇਆਮ ਕਤਲ

Double Murder in Punjab : ਪੰਜਾਬ ਦੇ ਅੰਮ੍ਰਿਤਸਰ ਵਿੱਚ ਇੱਕ ਘਟਨਾ ਵਾਪਰੀ ਹੈ ਜਿਸ ਵਿੱਚ ਪੁਲਿਸ ਦੇ ਇੱਕ ਏਐਸਆਈ ਅਤੇ ਇੱਕ ਨੌਜਵਾਨ ਦੀ ਅਣਪਛਾਤੇ ਲੋਕਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਹੈ। ਗੁਰੂਨਗਰੀ ਵਿੱਚ ਥੋੜ੍ਹੇ ਸਮੇਂ ਵਿੱਚ ਹੋਈਆਂ ਦੋ ਹੱਤਿਆਵਾਂ ਨੇ ਲੋਕਾਂ ਵਿੱਚ ਦਹਿਸ਼ਤ ਫੈਲਾ ਦਿੱਤੀ ਹੈ।

ਜ਼ੋਮੈਟੋ ਡਿਲੀਵਰੀ ਦਾ ਕੰਮ ਕਰਦਾ ਸੀ ਨੌਜਵਾਨ

ਜਾਣਕਾਰੀ ਅਨੁਸਾਰ, ਇਸਲਾਮਾਬਾਦ ਥਾਣੇ ਅਧੀਨ ਆਉਂਦੀ ਕੋਟ ਖਾਲਸਾ ਪੁਲਿਸ ਚੌਕੀ ਤੋਂ ਕਰੀਬ 50 ਕਦਮ ਦੀ ਦੂਰੀ ’ਤੇ ਵੀਰਵਾਰ ਰਾਤ ਇੱਕ ਨੌਜਵਾਨ ਨੂੰ ਗੋਲੀ ਮਾਰ ਦਿੱਤੀ ਗਈ। ਘਟਨਾ ਰਾਤ ਕਰੀਬ 10:50 ਵਜੇ ਦੀ ਹੈ। ਗੋਲੀ ਲੱਗਣ ਤੋਂ ਬਾਅਦ ਜ਼ਖ਼ਮੀ ਨੌਜਵਾਨ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ 25 ਸਾਲਾ ਸਾਹਿਲ ਗਿੱਲ ਵਜੋਂ ਹੋਈ ਹੈ, ਜੋ ਜ਼ੋਮੈਟੋ ਡਿਲੀਵਰੀ ਦਾ ਕੰਮ ਕਰਦਾ ਸੀ। ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਐਕਟਿਵਾ ’ਤੇ ਸਵਾਰ ਹੋ ਕੇ ਦੋ ਨੌਜਵਾਨ ਆਏ ਸਨ। ਉਨ੍ਹਾਂ ਨੇ ਦੋ ਗੋਲੀਆਂ ਚਲਾਈਆਂ, ਜਿਨ੍ਹਾਂ ਵਿੱਚੋਂ ਇੱਕ ਗੋਲੀ ਸਾਹਿਲ ਨੂੰ ਲੱਗੀ। ਵਾਰਦਾਤ ਤੋਂ ਬਾਅਦ ਦੋਵੇਂ ਨੌਜਵਾਨ ਮੌਕੇ ਤੋਂ ਫਰਾਰ ਹੋ ਗਏ।

ਮੋਟਰਸਾਈਕਲ ਸਵਾਰਾਂ ਨੇ ਡਿਊਟੀ ਦੌਰਾਨ ਮਾਰੀਆਂ ਏਐਸਆਈ ਨੂੰ ਗੋਲੀਆਂ

ਉਧਰ, ਗੇਟ ਹਕੀਮਾਂ ਵਿਖੇ ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਡਿਊਟੀ ‘ਤੇ ਸਵਾਰ ਇੱਕ ਏਐਸਆਈ ਦਾ ਵੀ ਕਤਲ ਕਰ ਦਿੱਤਾ ਗਿਆ ਹੈ। ਏਐਸਆਈ ਹਰਜੀਤ ਸਿੰਘ ਤਰਨਤਾਰਨ ਦਾ ਰਹਿਣ ਵਾਲਾ ਸੀ ਅਤੇ ਗੇਟ ਹਕੀਮਾਂ ਪੁਲਿਸ ਸਟੇਸ਼ਨ ਅਧੀਨ ਭਗਤਾਂਵਾਲਾ ਅਨਾਜ ਮੰਡੀ ਨੇੜੇ ਡਿਊਟੀ ‘ਤੇ ਸੀ। ਜਾਣਕਾਰੀ ਅਨੁਸਾਰ, ਪੁਲਿਸ ਮੁਲਾਜ਼ਮਾਂ ‘ਤੇ ਗੋਲੀਬਾਰੀ ਰਾਤ 2:30 ਵਜੇ ਕਰੀਬ ਹੋਈ, ਜਿਸ ਦੌਰਾਨ ਹਰਜੀਤ ਸਿੰਘ ਦੇ ਤਿੰਨ ਗੋਲੀਆਂ ਵੱਜੀ। ਲੋਕਾਂ ਨੇ ਗੰਭੀਰ ਹਾਲਤ ‘ਚ ਪੁਲਿਸ ਮੁਲਾਜ਼ਮ ਨੂੰ ਹਸਪਤਾਲ ਦਾਖਲ ਕਰਵਾਇਆ, ਪਰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ।

ਪਹਿਲਾਂ ਏਐਸਆਈ ਜੋਗਾ ਸਿੰਘ ਦਾ ਕੀਤਾ ਗਿਆ ਸੀ ਕਤਲ

ਦੱਸਿਆ ਜਾ ਰਿਹਾ ਹੈ ਕਿ ਇਹ ਕਤਲ ਇਸ ਖੇਤਰ ਵਿੱਚ ਪੁਲਿਸ ਕਰਮਚਾਰੀਆਂ ਨੂੰ ਨਿਸ਼ਾਨਾ ਬਣਾਉਣ ਦੀ ਲੜੀ ਵਿੱਚ ਤਾਜ਼ਾ ਘਟਨਾ ਹੈ। ਇਸ ਤੋਂ ਪਹਿਲਾਂ, ਮਜੀਠਾ ਇਲਾਕੇ ਵਿੱਚ ਏ.ਐੱਸ.ਆਈ. ਜੋਗਾ ਸਿੰਘ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ, ਜਦੋਂ ਕਿ ਰਾਜਾਸਾਂਸੀ ਇਲਾਕੇ ਵਿੱਚ ਇੱਕ ਵੱਖਰੀ ਗੋਲੀਬਾਰੀ ਦੀ ਘਟਨਾ ਵਿੱਚ ਏ.ਐੱਸ.ਆਈ. ਜਸਵੰਤ ਸਿੰਘ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਪਰ ਉਹ ਵਾਲ-ਵਾਲ ਬਚ ਗਏ ਅਤੇ ਉਨ੍ਹਾਂ ਨੂੰ ਮਾਮੂਲੀ ਸੱਟ ਲੱਗੀ।

Exit mobile version