Site icon Dainik Savera Punjab

ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ ਲਾਈਵ ਕੰਸਰਟ ‘ਚ ਭਾਰੀ ਹੰਗਾਮਾ ; SFJ ਮੁਖੀ ਪੰਨੂ ਨੇ ‘ਟਾਰਗੇਟ’ ਕਰਨ ਦੀ ਦਿੱਤੀ ਧਮਕੀ

ਵੈਨਕੂਵਰ/ਕੈਨੇਡਾ 27 ਅਪ੍ਰੈਲ 2026 : ਕੈਨੇਡਾ ਦੇ ਵੈਨਕੂਵਰ ਵਿੱਚ ਪੰਜਾਬੀ ਅਤੇ ਬਾਲੀਵੁੱਡ ਗਾਇਕ ਦਿਲਜੀਤ ਦੋਸਾਂਝ ਦੇ ਲਾਈਵ ਕੰਸਰਟ ਦੌਰਾਨ ਉਸ ਵੇਲੇ ਮਾਹੌਲ ਤਣਾਅਪੂਰਨ ਹੋ ਗਿਆ, ਜਦੋਂ ਖਾਲਿਸਤਾਨ ਸਮਰਥਕਾਂ ਨੇ ਪ੍ਰੋਗਰਾਮ ਵਿੱਚ ਖ਼ਲਲ ਪਾਉਂਦਿਆਂ ਭਾਰਤ ਵਿਰੋਧੀ ਨਾਅਰੇਬਾਜ਼ੀ ਕੀਤੀ। ‘ਸਿੱਖ ਫਾਰ ਜਸਟਿਸ’ (SFJ) ਦੇ ਮੁਖੀ ਗੁਰਪਤਵੰਤ ਪੰਨੂ ਨੇ ਕਥਿਤ ਤੌਰ ‘ਤੇ ਇਸ ਘਟਨਾ ਦੀ ਜ਼ਿੰਮੇਵਾਰੀ ਲੈਂਦਿਆਂ ਦਿਲਜੀਤ ਦੋਸਾਂਝ ਵਿਰੁੱਧ ਜ਼ਹਿਰ ਉਗਲਿਆ ਹੈ।

ਪੰਨੂ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਮੋਦੀ ਦੀ ਵਿਚਾਰਧਾਰਾ ਨੂੰ ਉਤਸ਼ਾਹਿਤ ਕਰਨ ਵਾਲੇ ਦੋਸਾਂਝ ਹੁਣ ਉਨ੍ਹਾਂ ਦੇ ਨਿਸ਼ਾਨੇ ‘ਤੇ ਹਨ। ਪੰਨੂ ਨੇ ਦੋਸ਼ ਲਾਇਆ, ਦੋਸਾਂਝ ਆਪਣੇ ਕੈਨੇਡਾ ਅਤੇ ਅਮਰੀਕਾ ਟੂਰ ਰਾਹੀਂ RSS ਅਤੇ BJP ਦੇ ਅਕਸ ਨੂੰ ਸੁਧਾਰਨ ਅਤੇ ਹਰਦੀਪ ਸਿੰਘ ਨਿੱਝਰ ਦੇ ਕਤਲ ਵਿੱਚ ਭਾਰਤ ਸਰਕਾਰ ਦੀ ਕਥਿਤ ਭੂਮਿਕਾ ਨੂੰ ਛੁਪਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਪੰਨੂ ਨੇ ਧਮਕੀ ਦਿੱਤੀ ਹੈ ਕਿ ਜੋ ਹੰਗਾਮਾ ਵੈਨਕੂਵਰ ਵਿੱਚ ਸ਼ੁਰੂ ਹੋਇਆ ਹੈ, ਉਹ ਦਿਲਜੀਤ ਦੇ ਬਾਕੀ ਸ਼ੋਅਜ਼ ਵਿੱਚ ਵੀ ਜਾਰੀ ਰਹੇਗਾ। ਉਸ ਨੇ ਕਿਹਾ ਕਿ ਖਾਲਿਸਤਾਨ ਸਮਰਥਕ ਕੈਲਗਰੀ, ਐਡਮੰਟਨ, ਵਿਨੀਪੈਗ, ਟੋਰਾਂਟੋ, ਇਲੀਨੋਇਸ, ਫਲੋਰੀਡਾ, ਟੈਕਸਾਸ, ਨਿਊਯਾਰਕ ਅਤੇ ਕੈਲੀਫੋਰਨੀਆ ਵਿੱਚ ਵੀ ਦੋਸਾਂਝ ਦਾ ਵਿਰੋਧ ਕਰਨਗੇ।

ਉਧਰ ਦੂਜੇ ਪਾਸੇ ਐਸਜੀਪੀਸੀ ਦੇ ਆਗੂ ਗੁਰਚਰਨ ਸਿੰਘ ਗਰੇਵਾਲ ਵੱਲੋਂ ਦਿਲਜੀਤ ਦੋਸਾਂਝ ਦੇ ਸ਼ੋਅ ਦੌਰਾਨ ਹੋਏ ਵਿਰੋਧ ਦੀ ਨਿੰਦਾ ਕੀਤੀ ਗਈ ਅਤੇ ਕਿਹਾ ਕਿ ਦਿਲਜੀਤ ਨੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਸਿਰ ਦੁਨੀਆ ਭਰ ਵਿੱਚ ਉੱਚਾ ਚੁੱਕਿਆ ਹੈ। ਉਨ੍ਹਾਂ ਦਾ ਵਿਰੋਧ ਨਹੀਂ ਕਰਨਾ ਚਾਹੀਦਾ, ਸਗੋਂ ਸਤਿਕਾਰ ਸਹਿਤ ਸਵਾਗਤ ਕਰਨਾ ਚਾਹੀਦਾ ਹੈ। ਦਿਲਜੀਤ ਨੇ ਸਾਡੀ ਪੱਗ ਦੀ ਪਛਾਣ ਨੂੰ ਦੁਨੀਆ ਭਰ ਵਿੱਚ ਲਿਜਾ ਕੇ, ਸਾਨੂੰ ਮਾਣ ਮਹਿਸੂਸ ਕਰਵਾਇਆ ਹੈ।

Exit mobile version