ਵੱਡੀ ਖ਼ਬਰ: ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਸ਼ੁੱਕਰਵਾਰ ਨੂੰ ਏਅਰ ਟ੍ਰੈਫਿਕ ਕੰਟਰੋਲ ਸਿਸਟਮ ਵਿੱਚ ਆਈ ਤਕਨੀਕੀ ਖਰਾਬੀ ਕਾਰਨ ਉਡਾਣ ਸੰਚਾਲਨ ਵਿੱਚ ਗੰਭੀਰ ਰੁਕਾਵਟ ਆਈ। ਇਸ ਤਕਨੀਕੀ ਗੜਬੜ ਕਾਰਨ ਹਵਾਈ ਅੱਡੇ ‘ਤੇ ਹਫੜਾ-ਦਫੜੀ ਦੀ ਸਥਿਤੀ ਬਣ ਗਈ ਅਤੇ ਯਾਤਰੀਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਸ਼ੁਰੂਆਤੀ ਜਾਣਕਾਰੀ ਮੁਤਾਬਕ, ATC ਸਿਸਟਮ ਵਿੱਚ ਆਈ ਖਰਾਬੀ ਕਾਰਨ 100 ਤੋਂ ਵੱਧ ਉਡਾਣਾਂ ਵਿੱਚ ਦੇਰੀ ਹੋਈ, ਜਿਸ ਨਾਲ ਹਜ਼ਾਰਾਂ ਯਾਤਰੀ ਪ੍ਰਭਾਵਿਤ ਹੋਏ। ਉਡਾਣਾਂ ਦੇ ਰੁਕਣ ਅਤੇ ਦੇਰੀ ਕਾਰਨ ਯਾਤਰੀਆਂ ਨੂੰ ਲੰਬੇ ਇੰਤਜ਼ਾਰ ਅਤੇ ਅਣਿਸ਼ਚਿਤਤਾ ਦਾ ਸਾਹਮਣਾ ਕਰਨਾ ਪਿਆ।
ਦਿੱਲੀ ਹਵਾਈ ਅੱਡੇ ਵੱਲੋਂ ਜਾਰੀ ਕੀਤੇ ਅਧਿਕਾਰਤ ਬਿਆਨ ਵਿੱਚ ਦੱਸਿਆ ਗਿਆ ਕਿ ATC ਸਿਸਟਮ ਵਿੱਚ ਤਕਨੀਕੀ ਸਮੱਸਿਆ ਕਾਰਨ ਉਡਾਣ ਸੰਚਾਲਨ ਪ੍ਰਭਾਵਿਤ ਹੋਇਆ ਹੈ। ਹਵਾਈ ਅੱਡਾ ਪ੍ਰਸ਼ਾਸਨ ਨੇ ਕਿਹਾ ਕਿ ਤਕਨੀਕੀ ਟੀਮਾਂ ਮੁੱਦੇ ਨੂੰ ਹੱਲ ਕਰਨ ਲਈ ਸਰਗਰਮੀ ਨਾਲ ਕੰਮ ਕਰ ਰਹੀਆਂ ਹਨ। ਯਾਤਰੀਆਂ ਨੂੰ ਹੋਈ ਅਸੁਵਿਧਾ ਲਈ ਅਫ਼ਸੋਸ ਜਤਾਇਆ ਗਿਆ ਅਤੇ ਉਨ੍ਹਾਂ ਨੂੰ ਆਪਣੀਆਂ ਏਅਰਲਾਈਨਾਂ ਨਾਲ ਸੰਪਰਕ ਕਰਨ ਦੀ ਸਲਾਹ ਦਿੱਤੀ ਗਈ।
VD : ਵਿਸ਼ਵ ਚੈਂਪੀਅਨ ਕ੍ਰਿਕੇਟ ਖਿਡਾਰਨਾਂ ਦਾ ਸ਼ਾਨਦਾਰ ਸਵਾਗਤ, Chandigarh Airport ਤੋਂ Live
ਇੰਡੀਗੋ ਏਅਰਲਾਈਨ ਨੇ ਵੀ ਸਮੱਸਿਆ ਦੀ ਪੁਸ਼ਟੀ ਕਰਦਿਆਂ ਸੋਸ਼ਲ ਮੀਡੀਆ ‘ਤੇ ਜਾਣਕਾਰੀ ਸਾਂਝੀ ਕੀਤੀ ਕਿ ATC ਸਿਸਟਮ ਵਿੱਚ ਆਈ ਤਕਨੀਕੀ ਖਰਾਬੀ ਕਾਰਨ ਉਡਾਣਾਂ ਵਿੱਚ ਦੇਰੀ ਹੋ ਰਹੀ ਹੈ। ਕੰਪਨੀ ਨੇ ਇਹ ਵੀ ਦੱਸਿਆ ਕਿ ਇਹ ਸਮੱਸਿਆ ਸਿਰਫ਼ ਦਿੱਲੀ ਹੀ ਨਹੀਂ, ਉੱਤਰੀ ਭਾਰਤ ਦੇ ਹੋਰ ਹਵਾਈ ਅੱਡਿਆਂ ਨੂੰ ਵੀ ਪ੍ਰਭਾਵਿਤ ਕਰ ਰਹੀ ਹੈ। ਇੰਡੀਗੋ ਨੇ ਕਿਹਾ ਕਿ ਜ਼ਮੀਨ ‘ਤੇ ਅਤੇ ਜਹਾਜ਼ਾਂ ਵਿੱਚ ਮੌਜੂਦ ਯਾਤਰੀ ਲੰਬੇ ਇੰਤਜ਼ਾਰ ਦਾ ਸਾਹਮਣਾ ਕਰ ਰਹੇ ਹਨ, ਪਰ ਚਾਲਕ ਦਲ ਅਤੇ ਸਟਾਫ ਉਨ੍ਹਾਂ ਨੂੰ ਸਹਾਇਤਾ ਦੇਣ ਲਈ ਲਗਾਤਾਰ ਕੋਸ਼ਿਸ਼ ਕਰ ਰਹੇ ਹਨ।
ਇਸ ਤਕਨੀਕੀ ਖਰਾਬੀ ਨੇ ਹਵਾਈ ਯਾਤਰਾ ‘ਤੇ ਨਿਰਭਰ ਲੋਕਾਂ ਲਈ ਇੱਕ ਵੱਡੀ ਚੁਣੌਤੀ ਪੈਦਾ ਕਰ ਦਿੱਤੀ ਹੈ, ਜਦਕਿ ATC ਅਤੇ ਹਵਾਈ ਅੱਡਾ ਪ੍ਰਸ਼ਾਸਨ ਇਸਨੂੰ ਜਲਦੀ ਹੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

