ਨਵੀਂ ਦਿੱਲੀ: ਏਸ਼ੀਆ ਕਪ 2025 ਦੇ ਫਾਈਨਲ ‘ਚ ਭਾਰਤ ਨੇ ਪਾਕਿਸਤਾਨ ਨੂੰ 5 ਵਿਕਟਾਂ ਨਾਲ ਹਰਾ ਕੇ ਖਿਤਾਬ ਤਾਂ ਜਿੱਤ ਲਿਆ, ਪਰ ਜਸ਼ਨ ਅਧੂਰਾ ਰਹਿ ਗਿਆ। ਟੀਮ ਇੰਡੀਆ ਟਰਾਫੀ ਲਏ ਬਿਨਾਂ ਹੀ ਮੈਦਾਨ ਤੋਂ ਵਾਪਸ ਮੁੜ ਗਈ। ਭਾਰਤੀ ਟੀਮ ਨੇ ਪਹਿਲਾਂ ਹੀ ਐਲਾਨ ਕਰ ਦਿੱਤਾ ਸੀ ਕਿ ਉਹ ਏਸ਼ੀਅਨ ਕ੍ਰਿਕਟ ਕੌਂਸਲ (ACC) ਦੇ ਪ੍ਰਧਾਨ ਮੋਹਸਿਨ ਨਕਵੀ ਤੋਂ ਟਰਾਫੀ ਨਹੀਂ ਲਵੇਗੀ। ਟੀਮ ਚਾਹੁੰਦੀ ਸੀ ਕਿ ਇਹ ਸਨਮਾਨ ਐਮੀਰੇਟਸ ਕ੍ਰਿਕਟ ਬੋਰਡ ਦੇ ਵਾਈਸ ਚੇਅਰਮੈਨ ਦੇ ਹੱਥੋਂ ਮਿਲੇ। ਪਰ ਨਕਵੀ ਨੇ ਇਹ ਮੰਗ ਰੱਦ ਕਰ ਦਿੱਤੀ। ਇਸ ਦੇ ਵਿਰੋਧ ‘ਚ ਭਾਰਤੀ ਖਿਡਾਰੀ ਇੱਕ ਘੰਟੇ ਤੱਕ ਮੈਦਾਨ ‘ਚ ਟਰਾਫੀ ਦੀ ਉਡੀਕ ਕਰਦੇ ਰਹੇ, ਪਰ ਹੱਲ ਨਾ ਨਿਕਲਣ ‘ਤੇ ਡਰੈੱਸਿੰਗ ਰੂਮ ਵਾਪਸ ਚਲੇ ਗਏ।
ਨਕਵੀ ਟਰਾਫੀ ਲੈ ਕੇ ਹੋਟਲ ਚਲੇ ਗਏ, BCCI ਨੇ ਜਤਾਈ ਨਾਰਾਜ਼ਗੀ
ਮੈਚ ਤੋਂ ਬਾਅਦ ACC ਪ੍ਰਧਾਨ ਨਕਵੀ ਟਰਾਫੀ ਲੈ ਕੇ ਆਪਣੇ ਹੋਟਲ ਚਲੇ ਗਏ। BCCI ਦੇ ਸਕੱਤਰ ਦੇਵਜੀਤ ਸੈਕੀਆ ਨੇ ਇਸਨੂੰ “ਖੇਡ ਭਾਵਨਾ ਦੇ ਵਿਰੁੱਧ” ਦੱਸਦੇ ਹੋਏ ਕਿਹਾ, “ਅਸੀਂ ਸਿਰਫ਼ ਇਹ ਕਿਹਾ ਸੀ ਕਿ ਟਰਾਫੀ ਨਕਵੀ ਤੋਂ ਨਾ ਮਿਲੇ, ਪਰ ਇਸਦਾ ਮਤਲਬ ਇਹ ਨਹੀਂ ਕਿ ਉਹ ਟਰਾਫੀ ਲੈ ਕੇ ਹੀ ਚਲੇ ਜਾਣ।”
ਹੁਣ ਟਰਾਫੀ ਲਈ ਕਪਤਾਨ ਨੂੰ ACC ਦਫ਼ਤਰ ਆਉਣਾ ਪਵੇਗਾ
ACC ਦੀ 30 ਸਤੰਬਰ ਦੀ ਮੀਟਿੰਗ ‘ਚ BCCI ਦੇ ਉਪ ਪ੍ਰਧਾਨ ਰਾਜੀਵ ਸ਼ੁਕਲਾ ਨੇ ਟਰਾਫੀ ਭਾਰਤ ਨੂੰ ਸੌਂਪਣ ਦੀ ਮੰਗ ਕੀਤੀ, ਪਰ ਨਕਵੀ ਨੇ ਕਿਹਾ, “ਜੇ ਕਪਤਾਨ ਸੂਰਯਕੁਮਾਰ ਯਾਦਵ ਟਰਾਫੀ ਚਾਹੁੰਦੇ ਹਨ, ਤਾਂ ਉਹ ਖੁਦ ACC ਦਫ਼ਤਰ ਆ ਕੇ ਲੈਣ।”






