ਕੋਲਕਾਤਾ ਨਿਊਜ਼ : ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ਦੇ ਸੁਰੇਂਦਰਨਾਥ ਕਾਲਜ ਵਿੱਚ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਮਾਨਸੂਨ ਤੋਂ ਪਹਿਲਾਂ ਚਲਾਈ ਗਈ ਸਫਾਈ ਮੁਹਿੰਮ ਦੌਰਾਨ ਵਿਦਿਆਰਥੀ ਯੂਨੀਅਨ ਰੂਮ ਵਿੱਚੋਂ ਦੋ ਪੁਰਾਣੇ ਸੂਟਕੇਸ ਬਰਾਮਦ ਹੋਏ। ਜਦੋਂ ਇਹ ਸੂਟਕੇਸ ਖੋਲ੍ਹੇ ਗਏ ਤਾਂ ਅੰਦਰੋਂ ਦੀਮਕਾਂ ਨਾਲ ਬੁਰੀ ਤਰ੍ਹਾਂ ਖਰਾਬ ਹੋਏ ਕਰੰਸੀ ਨੋਟਾਂ ਦੇ ਬੰਡਲ ਮਿਲੇ, ਜਿਨ੍ਹਾਂ ਦੀ ਕੀਮਤ 1 ਕਰੋੜ ਰੁਪਏ ਤੋਂ ਵੱਧ ਹੋਣ ਦੇ ਦਾਅਵੇ ਕੀਤੇ ਜਾ ਰਹੇ ਹਨ।
ਜਾਣਕਾਰੀ ਮੁਤਾਬਕ, ਸੂਟਕੇਸ ਇੱਕ ਅਲਮਾਰੀ ਦੇ ਅੰਦਰ ਲੁਕਾ ਕੇ ਰੱਖੇ ਗਏ ਸਨ। ਸਫਾਈ ਕਰਮਚਾਰੀਆਂ ਨੂੰ ਸ਼ੱਕ ਹੋਣ ‘ਤੇ ਕਾਲਜ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਇਹਨਾਂ ਨੂੰ ਖੋਲ੍ਹਿਆ ਗਿਆ। ਅੰਦਰੋਂ ਵੱਡੀ ਮਾਤਰਾ ਵਿੱਚ 100 ਅਤੇ 500 ਰੁਪਏ ਦੇ ਪੁਰਾਣੇ ਨੋਟਾਂ ਦੇ ਬੰਡਲ ਮਿਲੇ, ਜੋ ਦੀਮਕਾਂ ਕਾਰਨ ਲਗਭਗ ਨਸ਼ਟ ਹੋ ਚੁੱਕੇ ਸਨ।
ਸੂਚਨਾ ਮਿਲਣ ‘ਤੇ ਪੁਲਿਸ ਤੁਰੰਤ ਮੌਕੇ ‘ਤੇ ਪਹੁੰਚੀ ਅਤੇ ਸੂਟਕੇਸਾਂ ਸਮੇਤ ਕੁਝ ਮਹੱਤਵਪੂਰਨ ਦਸਤਾਵੇਜ਼ ਆਪਣੇ ਕਬਜ਼ੇ ਵਿੱਚ ਲੈ ਲਏ। ਜਾਂਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਗੱਲ ਦੀ ਪੜਤਾਲ ਕੀਤੀ ਜਾ ਰਹੀ ਹੈ ਕਿ ਇਹ ਰਕਮ ਕਿੰਨੀ ਹੈ, ਕਿੰਨੇ ਸਮੇਂ ਤੋਂ ਉੱਥੇ ਪਈ ਸੀ ਅਤੇ ਇਸਨੂੰ ਕਿਸ ਨੇ ਯੂਨੀਅਨ ਰੂਮ ਵਿੱਚ ਲੁਕਾ ਕੇ ਰੱਖਿਆ ਸੀ।
ਘਟਨਾ ਤੋਂ ਬਾਅਦ ਸਿਆਸੀ ਮਾਹੌਲ ਵੀ ਗਰਮਾ ਗਿਆ ਹੈ। ਭਾਜਪਾ ਨੇ ਇਸ ਮਾਮਲੇ ਨੂੰ ਵੱਡੇ ਭ੍ਰਿਸ਼ਟਾਚਾਰ ਨਾਲ ਜੋੜਦਿਆਂ ਪੂਰੀ ਜਾਂਚ ਦੀ ਮੰਗ ਕੀਤੀ ਹੈ। ਵਿਰੋਧੀ ਧਿਰ ਨੇ ਸਵਾਲ ਉਠਾਇਆ ਹੈ ਕਿ ਕਾਲਜ ਕੈਂਪਸ ਦੇ ਅੰਦਰ ਇੰਨੀ ਵੱਡੀ ਰਕਮ ਕਿਸ ਦੀ ਜਾਣਕਾਰੀ ਨਾਲ ਰੱਖੀ ਗਈ ਅਤੇ ਇਸ ਦੇ ਪਿੱਛੇ ਕੌਣ ਲੋਕ ਸ਼ਾਮਲ ਹਨ।
ਫਿਲਹਾਲ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਯੂਨੀਅਨ ਰੂਮ ਅਤੇ ਨਾਲ ਲੱਗਦੇ ਹੋਰ ਕਮਰਿਆਂ ਦੇ ਲਾਕਰਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਇਸ ਹੈਰਾਨੀਜਨਕ ਬਰਾਮਦਗੀ ਨੇ ਸਿੱਖਿਆ ਸੰਸਥਾਵਾਂ ਵਿੱਚ ਪਾਰਦਰਸ਼ਤਾ ਅਤੇ ਨਿਗਰਾਨੀ ਨੂੰ ਲੈ ਕੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ।

