Site icon Dainik Savera Punjab

ਕੇਂਦਰ ਨੇ 1600 ਕਰੋੜ ਨਹੀਂ ਦਿੱਤੇ ਮਾਨ ਨੇ ਮਦਦ ਨਾ ਮਿਲਣ ‘ਤੇ ਨਾਰਾਜ਼ਗੀ ਜਤਾਈ

ਅੰਤਰਰਾਸ਼ਟਰੀ ਡੈਸਕ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਨੌਰਥ ਜ਼ੋਨਲ ਕੌਂਸਲ ਦੀ ਮੀਟਿੰਗ ਤੋਂ ਬਾਅਦ ਪ੍ਰੈਸ ਕਾਨਫਰੰਸ ਦੌਰਾਨ ਕਈ ਅਹੰਮ ਮੁੱਦਿਆਂ ‘ਤੇ ਆਪਣਾ ਪੱਖ ਰੱਖਿਆ। ਉਨ੍ਹਾਂ ਨੇ ਕਿਹਾ ਕਿ ਮੀਟਿੰਗ ਵਿੱਚ ਵੱਖ ਵੱਖ ਸੂਬਿਆਂ ਨੇ ਆਪਣੇ ਅੰਦਰੂਨੀ ਅਤੇ ਅੰਤਰ ਰਾਜੀ ਵਿਵਾਦਾਂ ਨੂੰ ਲੈ ਕੇ ਗੱਲ ਕੀਤੀ ਜਦਕਿ ਮੈਂ ਪੰਜਾਬ ਦੇ ਹਿੱਤਾਂ ਦੀ ਪੂਰੀ ਤਰ੍ਹਾਂ ਪੈਰਵਾਈ ਕੀਤੀ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਹਿੱਸੇ ਦੇ ਪਾਣੀ ਅਤੇ ਹੋਰ ਸਰੋਤਾਂ ਨੂੰ ਲੈ ਕੇ ਸੂਬੇ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਹਰ ਕੋਈ ਪੰਜਾਬ ਤੋਂ ਕੁਝ ਨਾ ਕੁਝ ਮੰਗ ਰਿਹਾ ਹੈ। ਕੋਈ ਹੈੱਡ ਵਰਕਸ ਦਾ ਕੰਟਰੋਲ ਮੰਗਦਾ ਹੈ ਕੋਈ SYL ਦੀ ਮੰਗ ਕਰਦਾ ਹੈ ਕੋਈ ਚੰਡੀਗੜ੍ਹ ਜਾਂ ਯੂਨੀਵਰਸਿਟੀ ਦੀ ਗੱਲ ਕਰਦਾ ਹੈ ਤਾਂ ਕੋਈ ਬਿਜਲੀ ਵਿੱਚੋਂ ਹਿੱਸਾ ਮੰਗਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਅਸੀਂ ਕੇਂਦਰ ਤੋਂ 1600 ਕਰੋੜ ਰੁਪਏ ਦੀ ਮਦਦ ਦੀ ਮੰਗ ਕਰਦੇ ਹਾਂ ਤਾਂ ਸਾਨੂੰ ਖਾਲੀ ਹੱਥ ਰਹਿਣਾ ਪੈਂਦਾ ਹੈ। ਉਨ੍ਹਾਂ ਨੇ ਕਿਹਾ ਕਿ ਸਾਰੇ ਸੂਬੇ ਪੰਜਾਬ ਨੂੰ ਵੱਡਾ ਭਰਾ ਤਾਂ ਮੰਨਦੇ ਹਨ ਪਰ ਵੱਡੇ ਭਰਾ ਨੂੰ ਉਜਾੜਨ ਦੀ ਕੋਸ਼ਿਸ਼ ਕਰ ਰਹੇ ਹਨ।

ਕਾਲਜਾਂ ਦੇ ਮਾਮਲੇ ‘ਤੇ ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਵੱਲੋਂ ਪੰਜਾਬ ਯੂਨੀਵਰਸਿਟੀ ਨਾਲ ਜੁੜੇ ਕਈ ਕਾਲਜਾਂ ਨੂੰ ਵਾਪਸ ਜੋੜਨ ਦੀ ਮੰਗ ਕੀਤੀ ਗਈ ਸੀ ਜਿਸਨੂੰ ਪੰਜਾਬ ਸਰਕਾਰ ਨੇ ਸਖਤੀ ਨਾਲ ਰੱਦ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਕਾਲਜ ਆਪਣੀ ਮਿਆਦ ਪੂਰੀ ਕਰ ਚੁੱਕੇ ਹਨ ਅਤੇ ਹੁਣ ਪੰਜਾਬ ਵਿੱਚ ਸ਼ਾਮਲ ਹੋਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਕੁਰੂਕਸ਼ੇਤਰ ਯੂਨੀਵਰਸਿਟੀ ਦੀ ਰੈਂਕਿੰਗ A+ ਹੈ ਤਾਂ ਫਿਰ ਉਥੋਂ ਕਾਲਜ ਕਿਉਂ ਕੱਢੇ ਜਾ ਰਹੇ ਹਨ। ਇਹ ਸਿਰਫ਼ ਸੈਨੇਟ ਅਤੇ ਸਿੰਡੀਕੇਟ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਹੈ। ਵਿਦਿਆਰਥੀਆਂ ਵੱਲੋਂ ਹੋਏ ਪ੍ਰਦਰਸ਼ਨ ਤੋਂ ਬਾਅਦ ਨੋਟਿਸ ਤਾਂ ਵਾਪਸ ਲਿਆ ਗਿਆ ਪਰ ਕੋਈ ਸਪਸ਼ਟਤਾ ਨਹੀਂ ਦਿੱਤੀ ਗਈ ਜਿਸ ਕਾਰਨ ਬੱਚਿਆਂ ਦੀ ਪੜ੍ਹਾਈ ਪ੍ਰਭਾਵਿਤ ਹੋ ਰਹੀ ਹੈ।

ਰਨਵੇ ਦੀ ਸਥਿਤੀ ਜਾਂ ਤਕਨੀਕੀ ਖਰਾਬੀ ਹਾਦਸੇ ਦੇ ਪਿੱਛੇ ਕਾਰਨ

SYL ਦੇ ਮੁੱਦੇ ‘ਤੇ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸੁਪਰੀਮ ਕੋਰਟ ਨੇ ਸੂਬਿਆਂ ਨੂੰ ਆਪਸੀ ਸਹਿਮਤੀ ਨਾਲ ਹੱਲ ਲੱਭਣ ਦੀ ਸਲਾਹ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅਸੀਂ SYL ਨੂੰ YSL ਬਣਾਉਣ ਦੀ ਗੱਲ ਕੀਤੀ ਹੈ ਕਿਉਂਕਿ ਸਤਲੁਜ ਹੁਣ ਦਰਿਆ ਨਹੀਂ ਰਿਹਾ ਸਗੋਂ ਇੱਕ ਨਾਲਾ ਬਣ ਚੁੱਕਾ ਹੈ। ਹੜ੍ਹਾਂ ਕਾਰਨ ਪੰਜਾਬ ਨੂੰ ਭਾਰੀ ਨੁਕਸਾਨ ਹੋਇਆ ਪਰ ਕੇਂਦਰ ਵੱਲੋਂ ਮਦਦ ਨਹੀਂ ਮਿਲੀ। ਉਨ੍ਹਾਂ ਕਿਹਾ ਕਿ ਜਦੋਂ ਸਾਡੀ ਧਰਤੀ ਤੋਂ ਚਾਵਲ ਕਣਕ ਦਾਲਾਂ ਗੰਨਾ ਅਤੇ ਹੋਰ ਫਸਲਾਂ ਲਈ ਮੰਗ ਕੀਤੀ ਜਾਂਦੀ ਹੈ ਤਾਂ ਅਸੀਂ ਪੂਰਾ ਸਹਿਯੋਗ ਦਿੰਦੇ ਹਾਂ ਪਰ ਜਦੋਂ ਅਸੀਂ ਪਾਣੀ ਦੀ ਮੰਗ ਕਰੀਏ ਤਾਂ ਸਾਨੂੰ ਇਨਕਾਰ ਮਿਲਦਾ ਹੈ। ਉਨ੍ਹਾਂ ਨੇ ਤੰਜ਼ ਕਰਦੇ ਹੋਏ ਕਿਹਾ ਕਿ ਕੀ ਅਸੀਂ ਹੁਣ ਫਸਲਾਂ ਦੀ ਬਿਜਾਈ ਗਮਲਿਆਂ ਵਿੱਚ ਕਰੀਏ।

ਰਾਵੀ ਬਿਆਸ ਦੇ ਪਾਣੀ ਨੂੰ ਲੈ ਕੇ ਵੀ ਮੁੱਖ ਮੰਤਰੀ ਨੇ ਸਵਾਲ ਉਠਾਏ। ਉਨ੍ਹਾਂ ਕਿਹਾ ਕਿ ਹਰਿਆਣਾ ਰਾਵੀ ਬਿਆਸ ਤੋਂ ਹਿੱਸਾ ਮੰਗ ਰਿਹਾ ਹੈ ਜਦਕਿ ਉਹ ਸਾਨੂੰ ਯਮੁਨਾ ਤੋਂ ਹਿੱਸਾ ਨਹੀਂ ਦੇ ਰਹੇ। ਉਨ੍ਹਾਂ ਨੇ ਕਿਹਾ ਕਿ ਇਹ ਸਥਿਤੀ ਇੰਨੀ ਉਲਝਣ ਭਰੀ ਹੋ ਗਈ ਹੈ ਕਿ ਕਈ ਵਾਰ ਇਹ ਸਮਝ ਨਹੀਂ ਆਉਂਦੀ ਕਿ ਸਾਡਾ ਵਾਸਤਵਿਕ ਦੁਸ਼ਮਣ ਕੌਣ ਹੈ। ਉਨ੍ਹਾਂ ਨੇ ਕਿਹਾ ਕਿ ਇੱਕ ਪਾਸੇ ਪਾਕਿਸਤਾਨ ਹੈ ਦੂਜੇ ਪਾਸੇ ਰਾਜਸਥਾਨ ਹਿਮਾਚਲ ਅਤੇ ਹਰਿਆਣਾ ਵੱਲੋਂ ਵੀ ਦਬਾਅ ਬਣਾਇਆ ਜਾ ਰਿਹਾ ਹੈ। ਉਨ੍ਹਾਂ ਨੇ ਹਾਸੇ ਵਿੱਚ ਕਿਹਾ ਕਿ ਸ਼ੁਕਰ ਹੈ ਕਿ ਅਜੇ ਜੰਮੂ ਕਸ਼ਮੀਰ ਨੇ ਕੁਝ ਨਹੀਂ ਮੰਗਿਆ। ਮੁੱਖ ਮੰਤਰੀ ਨੇ ਅੰਤ ਵਿੱਚ ਕਿਹਾ ਕਿ ਜੇਕਰ ਸਾਡੇ ਕੋਲ ਤੇਲ ਜਾਂ ਕੋਲਾ ਹੁੰਦਾ ਤਾਂ ਤੁਸੀਂ ਉਹ ਵੀ ਮੰਗਣ ਆ ਜਾਂਦੇ। ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਸੂਬਿਆਂ ਦੇ ਹਿੱਤਾਂ ਦੀ ਰੱਖਿਆ ਕਰਨ ਦੀ ਅਪੀਲ ਕੀਤੀ ਅਤੇ ਕਿਹਾ ਕਿ ਪੰਜਾਬ ਦੇ ਹੱਕਾਂ ਦੀ ਰਾਖੀ ਲਈ ਉਹ ਹਰ ਪੱਧਰ ‘ਤੇ ਆਪਣੀ ਆਵਾਜ਼ ਉਠਾਉਂਦੇ ਰਹਿਣਗੇ।

ਸਕਾਰਪੀਓ ‘ਚ ਸਵਾਰ ਨੌਜਵਾਨਾਂ ‘ਤੇ ਹਮਲਾ ਪੁਲਿਸ ਨੇ ਗੱਡੀ ਕਬਜ਼ੇ ‘ਚ ਲਈ

Exit mobile version