
ਪਟਿਆਲਾ: ਪਟਿਆਲਾ ਜ਼ਿਲ੍ਹੇ ਦੇ ਇੱਕ ਪ੍ਰਾਈਵੇਟ ਸਕੂਲ ਖ਼ਿਲਾਫ਼ ਗੰਭੀਰ ਸ਼ਿਕਾਇਤ ਆਉਣ ਤੋਂ ਬਾਅਦ ਉਸਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਭੁਪਿੰਦਰਾ ਇੰਟਰਨੈਸ਼ਨਲ ਪਬਲਿਕ ਸਕੂਲ, ਪਟਿਆਲਾ ਦੇ ਖ਼ਿਲਾਫ਼ ਕੇਂਦਰੀ ਮਾਧਿਮਿਕ ਸਿੱਖਿਆ ਬੋਰਡ (CBSE) ਦੇ ਚੰਡੀਗੜ੍ਹ ਖੇਤਰੀ ਦਫ਼ਤਰ ਨੂੰ ਈਮੇਲ ਰਾਹੀਂ ਸ਼ਿਕਾਇਤ ਮਿਲੀ, ਜਿਸ ‘ਚ ਵਿਦਿਆਰਥੀਆਂ ਦੇ ਸ਼ਾਰੀਰੀਕ ਅਤੇ ਮਾਨਸਿਕ ਉਤਪੀੜਨ ਦੇ ਦੋਸ਼ ਲਗਾਏ ਗਏ ਹਨ।

ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ CBSE ਨੇ ਸਕੂਲ ਪ੍ਰਬੰਧਨ ਤੋਂ ਤਿੰਨ ਦਿਨਾਂ ਦੇ ਅੰਦਰ ਲਿਖਤੀ ਸਪਸ਼ਟੀਕਰਨ ਅਤੇ ਜਵਾਬ ਮੰਗਿਆ ਹੈ। ਪੱਤਰ ਵਿੱਚ ਇਹ ਵੀ ਸਾਫ਼ ਕੀਤਾ ਗਿਆ ਹੈ ਕਿ ਇਹ ਮਾਮਲਾ ਵਿਦਿਆਰਥੀਆਂ ਨਾਲ ਜੁੜਿਆ ਹੋਣ ਕਰਕੇ ਅਤਿ ਜ਼ਰੂਰੀ ਹੈ ਅਤੇ ਸਮੇਂ ‘ਤੇ ਜਵਾਬ ਭੇਜਣਾ ਲਾਜ਼ਮੀ ਹੈ । ਇਹ ਘਟਨਾ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਸੁਰੱਖਿਆ ਅਤੇ ਭਲਾਈ ਨੂੰ ਲੈ ਕੇ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। CBSE ਵੱਲੋਂ ਜਾਰੀ ਨੋਟਿਸ ਇਸ ਗੱਲ ਦੀ ਪੂਸ਼ਟੀ ਕਰਦਾ ਹੈ ਕਿ ਵਿਦਿਆਰਥੀਆਂ ਨਾਲ ਜੁੜੇ ਮਾਮਲਿਆਂ ‘ਚ ਕੋਈ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।