New Delhi: ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (CBSE) ਨੇ ਸਾਲ 2027 ਦੀਆਂ 10ਵੀਂ ਅਤੇ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਦਾ ਪ੍ਰੋਗਰਾਮ ਜਾਰੀ ਕਰ ਦਿੱਤਾ ਹੈ। ਬੋਰਡ ਦੇ ਐਲਾਨ ਮੁਤਾਬਕ ਦੋਵਾਂ ਜਮਾਤਾਂ ਦੇ ਇਮਤਿਹਾਨ 16 ਫਰਵਰੀ 2027 ਤੋਂ ਸ਼ੁਰੂ ਹੋਣਗੇ। ਵਿਦਿਆਰਥੀਆਂ ਨੂੰ ਤਿਆਰੀ ਲਈ ਵਾਧੂ ਸਮਾਂ ਦੇਣ ਵਾਸਤੇ ਪ੍ਰੀਖਿਆਵਾਂ ਤੋਂ ਕਰੀਬ 101 ਦਿਨ ਪਹਿਲਾਂ ਹੀ ਡੇਟਸ਼ੀਟ ਜਾਰੀ ਕੀਤੀ ਗਈ ਹੈ। ਇਸ ਵਾਰ 10ਵੀਂ ਦੇ 83 ਅਤੇ 12ਵੀਂ ਦੇ 121 ਵਿਸ਼ਿਆਂ ਦੇ ਪੇਪਰ ਲਏ ਜਾਣਗੇ।
6 ਨਵੰਬਰ ਨੂੰ ਬੋਰਡ ਨੇ ਸਾਰੇ ਮਾਨਤਾ ਪ੍ਰਾਪਤ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਪੱਤਰ ਜਾਰੀ ਕਰਕੇ ਦੱਸਿਆ ਕਿ ਪ੍ਰੀਖਿਆਵਾਂ ਦਾ ਸ਼ਡਿਊਲ ਬਣਾਉਣ ਸਮੇਂ ਕਈ ਅਹਿਮ ਗੱਲਾਂ ਨੂੰ ਧਿਆਨ ਵਿੱਚ ਰੱਖਿਆ ਗਿਆ ਹੈ। ਇਨ੍ਹਾਂ ਵਿੱਚ ਵਿਦਿਆਰਥੀਆਂ ਵੱਲੋਂ ਚੁਣੇ ਗਏ ਵਿਸ਼ੇ, ਦਾਖਲਾ ਪ੍ਰੀਖਿਆਵਾਂ ਦੀਆਂ ਸੰਭਾਵਿਤ ਤਰੀਕਾਂ ਅਤੇ ਪ੍ਰੀਖਿਆ ਕੇਂਦਰਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਸ਼ਾਮਲ ਹੈ। ਬੋਰਡ ਮੁਤਾਬਕ 12ਵੀਂ ਦੇ 19.8 ਲੱਖ ਤੋਂ ਵੱਧ ਅਤੇ 10ਵੀਂ ਦੇ 26.5 ਲੱਖ ਤੋਂ ਵੱਧ ਵਿਦਿਆਰਥੀਆਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ। ਇਸ ਤਰ੍ਹਾਂ ਕੁੱਲ 46.3 ਲੱਖ ਤੋਂ ਵੱਧ ਵਿਦਿਆਰਥੀ ਬੋਰਡ ਪ੍ਰੀਖਿਆਵਾਂ ਵਿੱਚ ਬੈਠਣਗੇ।
ਡੇਟਸ਼ੀਟ ਤਿਆਰ ਕਰਦੇ ਸਮੇਂ ਇੱਕੋ ਸਮੇਂ ਚੁਣੇ ਜਾਣ ਵਾਲੇ ਵਿਸ਼ਿਆਂ ਦੇ ਪੇਪਰਾਂ ਵਿਚਕਾਰ ਢੁੱਕਵਾਂ ਅੰਤਰ ਰੱਖਿਆ ਗਿਆ ਹੈ। ਇਸ ਨਾਲ ਵਿਦਿਆਰਥੀਆਂ ਨੂੰ ਇੱਕ ਪ੍ਰੀਖਿਆ ਤੋਂ ਬਾਅਦ ਦੂਜੇ ਵਿਸ਼ੇ ਦੀ ਤਿਆਰੀ ਕਰਨ ਲਈ ਲੋੜੀਂਦਾ ਸਮਾਂ ਮਿਲੇਗਾ। ਇਸ ਤੋਂ ਇਲਾਵਾ 12ਵੀਂ ਦੇ ਵਿਦਿਆਰਥੀਆਂ ਦੀ ਸਹੂਲਤ ਲਈ ਉੱਚ ਸਿੱਖਿਆ ਨਾਲ ਜੁੜੀਆਂ ਪ੍ਰਮੁੱਖ ਦਾਖਲਾ ਪ੍ਰੀਖਿਆਵਾਂ ਦੇ ਸੰਭਾਵਿਤ ਪ੍ਰੋਗਰਾਮ ਨੂੰ ਵੀ ਧਿਆਨ ਵਿੱਚ ਰੱਖਿਆ ਗਿਆ ਹੈ। ਬੋਰਡ ਦੀ ਕੋਸ਼ਿਸ਼ ਹੈ ਕਿ ਬੋਰਡ ਪ੍ਰੀਖਿਆਵਾਂ ਇਨ੍ਹਾਂ ਦਾਖਲਾ ਇਮਤਿਹਾਨਾਂ ਤੋਂ ਪਹਿਲਾਂ ਪੂਰੀਆਂ ਹੋ ਜਾਣ।
ਪ੍ਰੀਖਿਆ ਕੇਂਦਰਾਂ ਵਿੱਚ ਪ੍ਰਬੰਧਾਂ ਨੂੰ ਸੁਚਾਰੂ ਰੱਖਣ ਲਈ ਹਰ ਦਿਨ ਪੇਪਰ ਦੇਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਦਾ ਵੀ ਅੰਦਾਜ਼ਾ ਲਗਾਇਆ ਗਿਆ ਹੈ। ਬੋਰਡ ਨੇ ਅਧਿਆਪਕਾਂ ਦੀਆਂ ਡਿਊਟੀਆਂ ਅਤੇ ਮੁਲਾਂਕਣ ਪ੍ਰਕਿਰਿਆ ਨੂੰ ਵੀ ਧਿਆਨ ਵਿੱਚ ਰੱਖ ਕੇ ਸਮਾਂ-ਸਾਰਣੀ ਬਣਾਈ ਹੈ। ਇਸ ਦਾ ਮਕਸਦ ਇਹ ਹੈ ਕਿ ਕਾਪੀਆਂ ਦੀ ਜਾਂਚ ਦੌਰਾਨ ਅਧਿਆਪਕਾਂ ਨੂੰ ਲੰਬੇ ਸਮੇਂ ਤੱਕ ਸਕੂਲਾਂ ਤੋਂ ਬਾਹਰ ਨਾ ਰਹਿਣਾ ਪਵੇ ਅਤੇ ਸਕੂਲਾਂ ਦੀਆਂ ਆਮ ਪੜ੍ਹਾਈ ਸਬੰਧੀ ਗਤੀਵਿਧੀਆਂ ਪ੍ਰਭਾਵਿਤ ਨਾ ਹੋਣ।
ਸੀਬੀਐੱਸਈ ਨੇ ਦੱਸਿਆ ਕਿ ਅੰਤਿਮ ਡੇਟਸ਼ੀਟ ਤਿਆਰ ਕਰਨ ਲਈ 40 ਹਜ਼ਾਰ ਤੋਂ ਵੱਧ ਵਿਸ਼ਾ-ਸੰਯੋਜਨਾਂ ਦੀ ਜਾਂਚ ਕੀਤੀ ਗਈ ਹੈ। ਇਸ ਪ੍ਰਕਿਰਿਆ ਰਾਹੀਂ ਇਹ ਯਕੀਨੀ ਬਣਾਇਆ ਗਿਆ ਹੈ ਕਿ ਕਿਸੇ ਵੀ ਵਿਦਿਆਰਥੀ ਦੇ ਚੁਣੇ ਹੋਏ ਦੋ ਵਿਸ਼ਿਆਂ ਦੇ ਪੇਪਰ ਇੱਕੋ ਦਿਨ ਨਾ ਹੋਣ। ਬੋਰਡ ਦੀਆਂ ਸਾਰੀਆਂ ਪ੍ਰੀਖਿਆਵਾਂ ਭਾਰਤੀ ਸਮੇਂ ਮੁਤਾਬਕ ਸਵੇਰੇ 10:30 ਵਜੇ ਸ਼ੁਰੂ ਹੋਣਗੀਆਂ। ਜਲਦੀ ਡੇਟਸ਼ੀਟ ਮਿਲਣ ਨਾਲ ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ ਦਾ ਸਮਾਂ ਤੈਅ ਕਰਨ ਵਿੱਚ ਮਦਦ ਮਿਲੇਗੀ।
ਬੋਰਡ ਅਨੁਸਾਰ, ਪਹਿਲਾਂ ਹੀ ਪ੍ਰੀਖਿਆ ਪ੍ਰੋਗਰਾਮ ਮਿਲਣ ਨਾਲ ਵਿਦਿਆਰਥੀ, ਮਾਪੇ ਅਤੇ ਅਧਿਆਪਕ ਆਪਣੀਆਂ ਹੋਰ ਯੋਜਨਾਵਾਂ ਵੀ ਉਸ ਮੁਤਾਬਕ ਤਿਆਰ ਕਰ ਸਕਣਗੇ। ਗਰਮੀਆਂ ਦੀਆਂ ਛੁੱਟੀਆਂ ਦੌਰਾਨ ਯਾਤਰਾਵਾਂ ਅਤੇ ਹੋਰ ਗਤੀਵਿਧੀਆਂ ਦੀ ਯੋਜਨਾਬੰਦੀ ਕਰਨਾ ਵੀ ਆਸਾਨ ਹੋਵੇਗਾ। ਸਕੂਲਾਂ ਨੂੰ ਪੜ੍ਹਾਈ ਦੇ ਪ੍ਰਬੰਧਾਂ ਅਤੇ ਵਿਦਿਆਰਥੀਆਂ ਦੀ ਮਦਦ ਲਈ ਪਹਿਲਾਂ ਤੋਂ ਤਿਆਰੀ ਕਰਨ ਦਾ ਮੌਕਾ ਮਿਲੇਗਾ। ਬੋਰਡ ਨੇ ਸਪੱਸ਼ਟ ਕੀਤਾ ਕਿ ਸਕੂਲਾਂ ਵੱਲੋਂ ਵਿਦਿਆਰਥੀਆਂ ਦੇ ਵਿਸ਼ਿਆਂ ਦੀ ਸੂਚੀ ਸਮੇਂ ਸਿਰ ਮਿਲਣ ਕਾਰਨ ਇਸ ਵਾਰ ਡੇਟਸ਼ੀਟ ਪਹਿਲਾਂ ਜਾਰੀ ਕਰਨਾ ਸੰਭਵ ਹੋ ਸਕਿਆ ਹੈ।

