Captain Smit Machhar: ਦੁਬਈ ਤੋਂ ਤੇਲ ਅਵੀਵ ਜਾ ਰਹੀ ਫਲਾਈਦੁਬਈ ਦੀ ਉਡਾਣ ਵਿੱਚ ਸੰਕਟ ਦੌਰਾਨ ਯਾਤਰੀਆਂ ਦੀ ਜਾਨ ਬਚਾਉਣ ਲਈ ਕੈਪਟਨ ਸਮਿਤ ਮੱਛਰ ਦੀ ਕਈ ਹਸਤੀਆਂ ਨੇ ਸ਼ਲਾਘਾ ਕੀਤੀ ਹੈ। ਅਦਾਕਾਰ ਜੈਕੀ ਸ਼ਰੌਫ ਨੇ ਪਾਇਲਟ ਦੀ ਬਹਾਦਰੀ ਨੂੰ ਸਲਾਮ ਕਰਦਿਆਂ ਕਿਹਾ ਕਿ ਕੁਝ ਹੀਰੋ ਬਿਨਾਂ ਕਿਸੇ ਸ਼ੋਰ-ਸ਼ਰਾਬੇ ਦੇ ਆਪਣਾ ਕੰਮ ਕਰਦੇ ਹਨ। ਉਨ੍ਹਾਂ ਨੇ ਕੈਪਟਨ ਸਮਿਤ ਅਤੇ ਉਨ੍ਹਾਂ ਹੋਰ ਲੋਕਾਂ ਦੀ ਵੀ ਤਾਰੀਫ਼ ਕੀਤੀ, ਜਿਨ੍ਹਾਂ ਨੇ ਮੁਸ਼ਕਲ ਹਾਲਾਤ ਵਿੱਚ ਮਦਦ ਕਰਕੇ ਵੱਡੀ ਤ੍ਰਾਸਦੀ ਨੂੰ ਟਾਲਣ ਵਿੱਚ ਭੂਮਿਕਾ ਨਿਭਾਈ।
ਜੈਕੀ ਸ਼ਰੌਫ ਤੋਂ ਇਲਾਵਾ ਗਾਇਕ ਵਿਸ਼ਾਲ ਮਿਸ਼ਰਾ ਅਤੇ ਅਦਾਕਾਰ ਵਰੁਣ ਧਵਨ ਨੇ ਵੀ ਕੈਪਟਨ ਦੇ ਹੌਸਲੇ ਨੂੰ ਯਾਦ ਕੀਤਾ। ਵਿਸ਼ਾਲ ਮਿਸ਼ਰਾ ਨੇ ਕਿਹਾ ਕਿ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਣ ਦੇ ਬਾਵਜੂਦ ਸਮਿਤ ਨੇ ਯਾਤਰੀਆਂ ਦੀ ਸੁਰੱਖਿਆ ਲਈ ਸੰਘਰਸ਼ ਜਾਰੀ ਰੱਖਿਆ ਅਤੇ ਉਨ੍ਹਾਂ ਦੇ ਹੌਸਲੇ ’ਤੇ ਦੇਸ਼ ਨੂੰ ਮਾਣ ਹੈ। ਵਰੁਣ ਧਵਨ ਨੇ ਵੀ ਸੋਸ਼ਲ ਮੀਡੀਆ ’ਤੇ ਕੈਪਟਨ ਨੂੰ ਸਲਾਮ ਕਰਦਿਆਂ ਉਨ੍ਹਾਂ ਦੀ ਹਿੰਮਤ ਅਤੇ ਬਹਾਦਰੀ ਨੂੰ ਪ੍ਰੇਰਨਾਦਾਇਕ ਦੱਸਿਆ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਫੋਨ ’ਤੇ ਗੱਲਬਾਤ ਦੌਰਾਨ ਕੈਪਟਨ ਸਮਿਤ ਨੇ ਘਟਨਾ ਦੇ ਭਿਆਨਕ ਪਲ ਸਾਂਝੇ ਕੀਤੇ। ਉਨ੍ਹਾਂ ਦੱਸਿਆ ਕਿ ਹਮਲੇ ਤੋਂ ਬਾਅਦ ਜਦੋਂ ਉਹ ਜ਼ਮੀਨ ’ਤੇ ਡਿੱਗ ਗਏ, ਤਾਂ ਉਨ੍ਹਾਂ ਨੂੰ ਮਹਿਸੂਸ ਹੋਇਆ ਕਿ ਜਹਾਜ਼ ਹੇਠਾਂ ਜਾ ਰਿਹਾ ਹੈ। ਆਪਣੇ 17 ਸਾਲਾਂ ਦੇ ਉਡਾਣ ਤਜਰਬੇ ਦੇ ਆਧਾਰ ’ਤੇ ਉਨ੍ਹਾਂ ਨੂੰ ਸਥਿਤੀ ਦੀ ਗੰਭੀਰਤਾ ਦਾ ਅੰਦਾਜ਼ਾ ਹੋ ਗਿਆ। ਜ਼ਖ਼ਮੀ ਹੋਣ ਦੇ ਬਾਵਜੂਦ ਉਨ੍ਹਾਂ ਨੇ ਕਾਕਪਿਟ ਦੇ ਦਰਵਾਜ਼ੇ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਅਤੇ ਆਖ਼ਰੀ ਦਮ ਤੱਕ ਯਤਨ ਜਾਰੀ ਰੱਖੇ। ਉਨ੍ਹਾਂ ਕਿਹਾ ਕਿ ਉਸ ਸਮੇਂ ਹੋਰ ਲੋਕਾਂ ਨੇ ਵੀ ਅਹਿਮ ਭੂਮਿਕਾ ਨਿਭਾਈ।
ਕੈਪਟਨ ਨੇ ਪ੍ਰਧਾਨ ਮੰਤਰੀ ਨੂੰ ਦੱਸਿਆ ਕਿ ਉਹ ਖੁਦ ਨੂੰ ਇਹ ਸਮਝਾ ਰਹੇ ਸਨ ਕਿ ਉਨ੍ਹਾਂ ਨੂੰ ਆਪਣੀ ਜਾਨ ਬਚਾਉਣ ਲਈ ਕੋਸ਼ਿਸ਼ ਕਰਨੀ ਹੈ, ਪਰ ਉਨ੍ਹਾਂ ਨੂੰ ਇਹ ਵੀ ਅਹਿਸਾਸ ਸੀ ਕਿ ਜਹਾਜ਼ ਵਿੱਚ ਸਵਾਰ ਯਾਤਰੀਆਂ ਦੀ ਜ਼ਿੰਦਗੀ ਵੀ ਦਾਅ ’ਤੇ ਲੱਗੀ ਹੋਈ ਹੈ। ਉਨ੍ਹਾਂ ਦੱਸਿਆ ਕਿ ਉਹ 17 ਸਾਲਾਂ ਤੋਂ ਜਹਾਜ਼ ਉਡਾ ਰਹੇ ਹਨ ਅਤੇ ਪਿਛਲੇ 11 ਸਾਲਾਂ ਤੋਂ ਕੈਪਟਨ ਹਨ। ਇਸ ਤਜਰਬੇ ਨੇ ਉਨ੍ਹਾਂ ਨੂੰ ਸੰਕਟ ਦੇ ਸਮੇਂ ਜਹਾਜ਼ ਦੀ ਸਥਿਤੀ ਸਮਝਣ ਅਤੇ ਲੋੜੀਂਦੇ ਕਦਮ ਚੁੱਕਣ ਵਿੱਚ ਮਦਦ ਕੀਤੀ।
ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਸਮਿਤ ਦੇ ਸਾਹਸ, ਧੀਰਜ ਅਤੇ ਸੂਝ-ਬੂਝ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਕੈਪਟਨ ਨੇ ਕੁਝ ਹੀ ਸਕਿੰਟਾਂ ਵਿੱਚ ਅਹਿਮ ਫ਼ੈਸਲੇ ਲੈ ਕੇ ਕਈ ਲੋਕਾਂ ਦੀ ਜਾਨ ਬਚਾਉਣ ਵਿੱਚ ਯੋਗਦਾਨ ਪਾਇਆ। ਪ੍ਰਧਾਨ ਮੰਤਰੀ ਨੇ ਲੋੜ ਪੈਣ ’ਤੇ ਸੰਪਰਕ ਕਰਨ ਦਾ ਭਰੋਸਾ ਵੀ ਦਿੱਤਾ ਅਤੇ ਕਿਹਾ ਕਿ ਦੇਸ਼ਵਾਸੀ ਉਨ੍ਹਾਂ ਦੇ ਜਲਦੀ ਸਿਹਤਯਾਬ ਹੋਣ ਦੀ ਕਾਮਨਾ ਕਰ ਰਹੇ ਹਨ। ਗੱਲਬਾਤ ਦੌਰਾਨ ਕੈਪਟਨ ਭਾਵੁਕ ਹੋ ਗਏ। ਉਨ੍ਹਾਂ ਦੱਸਿਆ ਕਿ ਮੁਸ਼ਕਲ ਘੜੀ ਵਿੱਚ ਡਰ ਮਹਿਸੂਸ ਹੋਣ ’ਤੇ ਉਹ ਲਗਾਤਾਰ ਹਨੂੰਮਾਨ ਚਾਲੀਸਾ ਦਾ ਪਾਠ ਕਰ ਰਹੇ ਸਨ ਅਤੇ ਉਨ੍ਹਾਂ ਨੂੰ ਰੱਬ ਦੀ ਕਿਰਪਾ ’ਤੇ ਭਰੋਸਾ ਸੀ।
ਕੈਪਟਨ ਸਮਿਤ ਨੇ ਪ੍ਰਧਾਨ ਮੰਤਰੀ ਨੂੰ ਇਹ ਵੀ ਦੱਸਿਆ ਕਿ ਉਹ ਆਪਣੇ ਦੋ ਸਾਲਾਂ ਦੇ ਪੁੱਤਰ ਨਾਲ ਨਿਯਮਿਤ ਤੌਰ ’ਤੇ ਹਨੂੰਮਾਨ ਚਾਲੀਸਾ ਪੜ੍ਹਦੇ ਹਨ ਅਤੇ ਪਰਿਵਾਰ ਨੇ ਵਿਦੇਸ਼ ਵਿੱਚ ਰਹਿੰਦਿਆਂ ਵੀ ਉਨ੍ਹਾਂ ਨੂੰ ਭਾਰਤੀ ਸੱਭਿਆਚਾਰ ਨਾਲ ਜੋੜ ਕੇ ਰੱਖਿਆ ਹੈ। ਸੱਟਾਂ ਦੀ ਗੰਭੀਰਤਾ ਦੇ ਬਾਵਜੂਦ ਉਨ੍ਹਾਂ ਨੇ ਭਰੋਸਾ ਜਤਾਇਆ ਕਿ ਸਮੇਂ ਦੇ ਨਾਲ ਉਹ ਪੂਰੀ ਤਰ੍ਹਾਂ ਸਿਹਤਯਾਬ ਹੋ ਜਾਣਗੇ। ਫਿਲਹਾਲ ਉਹ UAE ਦੇ ਇੱਕ ਹਸਪਤਾਲ ਵਿੱਚ ਇਲਾਜ ਕਰਵਾ ਰਹੇ ਹਨ। ਪ੍ਰਧਾਨ ਮੰਤਰੀ ਨੇ ਘਟਨਾ ਤੋਂ ਬਾਅਦ ਕੈਪਟਨ ਦੀ ਮਦਦ ਕਰਨ ਲਈ ਸਾਊਦੀ ਅਰਬ ਅਤੇ UAE ਦੀਆਂ ਸਰਕਾਰਾਂ ਦਾ ਧੰਨਵਾਦ ਕੀਤਾ।

