ਮੋਹਾਲੀ : ਖਰੜ-ਲਾਂਡਰਾਂ ਰੋਡ ‘ਤੇ ਵੀਰਵਾਰ ਨੂੰ ਤੜਕੇ ਲਗਭਗ 2:30 ਵਜੇ ਇੱਕ ਢਾਬੇ ਨੇੜੇ ਤਿੰਨ ਦੋਸਤਾਂ ਵਿਚਾਲੇ ਹੋਈ ਭਿਆਨਕ ਝਗੜੇ ਦੌਰਾਨ ਇੱਕ ਨੌਜਵਾਨ ਦੀ ਮੌਤ ਹੋ ਗਈ, ਦੂਜਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ, ਜਦਕਿ ਤੀਜਾ ਮੌਕੇ ਤੋਂ ਫਰਾਰ ਹੋ ਗਿਆ। ਇਹ ਘਟਨਾ ਸਕਾਈ ਲਾਰਕ ਸੁਸਾਇਟੀ ਨੇੜੇ ਢਾਬਿਆਂ ‘ਤੇ ਵਾਪਰੀ।

ਮਿਲੀ  ਜਾਣਕਾਰੀ ਅਨੁਸਾਰ,  ਇਹ ਤਿੰਨੇ ਨੌਜਵਾਨ ਰਾਤ ਦੇ ਸਮੇਂ ਢਾਬੇ ‘ਤੇ ਖਾਣ-ਪੀਣ ਲਈ ਆਏ ਸਨ। ਖਾਣ-ਪੀਣ ਮਗਰੋਂ ਕਿਸੇ ਗੱਲ ਨੂੰ ਲੈ ਕੇ ਉਨ੍ਹਾਂ ਵਿਚਾਲੇ ਬਹਿਸ ਹੋਈ ਜੋ ਛੇਤੀ ਹੀ ਖੂਨੀ ਝੜਪ ਵਿਚ ਤਬਦੀਲ ਹੋ ਗਈ। ਗੋਲੀਆਂ ਤਾਂ ਨਹੀਂ ਚਲੀਆਂ ਪਰ ਜੋ ਹਥਿਆਰ ਜਾਂ ਚੀਜ਼ ਹੱਥ ਲੱਗੀ, ਉਸ ਨਾਲ ਇੱਕ-ਦੂਜੇ ‘ਤੇ ਹਮਲਾ ਕਰ ਦਿੱਤਾ ਗਿਆ।ਮੌਕੇ ਤੇ ਹੀ ਇੱਕ ਦੀ ਮੌਤ ਹੋ ਗਈ, ਜਦਕਿ ਦੂਜੇ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਤੀਜਾ ਵਿਅਕਤੀ ਘਟਨਾ ਕਰਨ ਮਗਰੋਂ ਮੌਕੇ ਤੋਂ ਭੱਜਣ ਵਿੱਚ ਕਾਮਯਾਬ ਹੋ ਗਿਆ।

ਇਸ ਘਟਨਾ  ਦੀ ਸੂਚਨਾ ਮਿਲਣ ਉਪਰੰਤ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਲੇ ਇੰਨ੍ਹਾਂ ਤਿੰਨਾਂ ਦੀ ਪੱਕੀ ਪਛਾਣ ਨਹੀਂ ਹੋ ਸਕੀ। ਮੌਕੇ ਤੋਂ ਮਿਲੇ ਸਬੂਤਾਂ ਅਤੇ ਸੀ.ਸੀ.ਟੀ.ਵੀ. ਫੁਟੇਜ ਦੀ ਬੁਨਿਆਦ ‘ਤੇ ਜਾਂਚ ਜਾਰੀ ਹੈ।