Balochistan Attack: ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਦੇ ਨੁਸ਼ਕੀ ਇਲਾਕੇ ਵਿੱਚ ਸੁਰੱਖਿਆ ਬਲਾਂ ਦੀਆਂ ਚੌਕੀਆਂ ਨੂੰ ਰਾਕੇਟ ਅਤੇ ਹੋਰ ਹਥਿਆਰਾਂ ਨਾਲ ਨਿਸ਼ਾਨਾ ਬਣਾਇਆ ਗਿਆ। ਇਸ ਦੌਰਾਨ ਕਈ ਥਾਵਾਂ ‘ਤੇ ਗੋਲੀਬਾਰੀ ਵੀ ਹੋਈ। ਇਹ ਘਟਨਾ ਮਸਤੁੰਗ ਵਿੱਚ ਇੱਕ ਫੌਜੀ ਕੈਂਪ ‘ਤੇ ਆਤਮਘਾਤੀ ਧਮਾਕੇ ਅਤੇ ਹਥਿਆਰਬੰਦ ਹਮਲੇ ਤੋਂ ਅਗਲੇ ਦਿਨ ਵਾਪਰੀ ਹੈ।
ਰਿਪੋਰਟਾਂ ਮੁਤਾਬਕ, ਸ਼ੁੱਕਰਵਾਰ ਨੂੰ ਨੁਸ਼ਕੀ ਦੇ ਫੁੱਟਬਾਲ ਸਟੇਡੀਅਮ ਨੇੜੇ ਅਤੇ ਹੋਰ ਇਲਾਕਿਆਂ ਵਿੱਚ ਸੁਰੱਖਿਆ ਬਲਾਂ ਦੀਆਂ ਚੌਕੀਆਂ ‘ਤੇ ਹਮਲੇ ਕੀਤੇ ਗਏ। ਇਲਾਕੇ ਵਿੱਚ ਲਗਾਤਾਰ ਗੋਲੀਆਂ ਚੱਲਣ ਅਤੇ ਧਮਾਕਿਆਂ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ। ਸਥਿਤੀ ਨੂੰ ਦੇਖਦਿਆਂ ਕਈ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਬੰਦ ਕਰ ਦਿੱਤੀਆਂ ਅਤੇ ਸੁਰੱਖਿਅਤ ਥਾਵਾਂ ਵੱਲ ਚਲੇ ਗਏ।
ਪੁਲਿਸ ਅਨੁਸਾਰ ਸਟੇਡੀਅਮ ਦੇ ਆਲੇ-ਦੁਆਲੇ ਗੋਲੀਬਾਰੀ ਹੋਈ ਅਤੇ ਸੁਰੱਖਿਆ ਬਲਾਂ ਦੀ ਇੱਕ ਚੌਕੀ ਨੇੜੇ ਵੀ ਫਾਇਰਿੰਗ ਦੀਆਂ ਆਵਾਜ਼ਾਂ ਸੁਣੀਆਂ ਗਈਆਂ। ਇਸ ਤੋਂ ਇਲਾਵਾ ‘ਦ ਬਲੋਚਿਸਤਾਨ ਪੋਸਟ’ ਨੇ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਕਿ ਵੀਰਵਾਰ ਦੇਰ ਰਾਤ ਕੁਏਟਾ ਦੇ ਸਰਿਆਬ ਇਲਾਕੇ ਵਿੱਚ ਨਵੇਂ ਪੁਲਿਸ ਥਾਣੇ ਦੇ ਨੇੜੇ ਧਮਾਕਾ ਹੋਇਆ, ਜਿਸ ਦੀ ਆਵਾਜ਼ ਸ਼ਹਿਰ ਦੇ ਕਈ ਹਿੱਸਿਆਂ ਤੱਕ ਸੁਣਾਈ ਦਿੱਤੀ।
ਇਸ ਤੋਂ ਪਹਿਲਾਂ ਵੀਰਵਾਰ ਨੂੰ ਮਸਤੁੰਗ ਵਿੱਚ ਇੱਕ ਫੌਜੀ ਕੈਂਪ ‘ਤੇ ਵੱਡਾ ਹਮਲਾ ਹੋਇਆ ਸੀ। ਰਿਪੋਰਟਾਂ ਅਨੁਸਾਰ ਵਿਸਫੋਟਕਾਂ ਨਾਲ ਭਰਿਆ ਇੱਕ ਟਰੱਕ ਮੁੱਖ ਫੌਜੀ ਕੈਂਪ ਨਾਲ ਟਕਰਾ ਗਿਆ ਸੀ, ਜਿਸ ਕਾਰਨ ਕਈ ਲੋਕਾਂ ਦੇ ਹਤਾਹਤ ਹੋਣ ਦੀ ਖ਼ਬਰ ਸਾਹਮਣੇ ਆਈ। ਇਸ ਘਟਨਾ ਤੋਂ ਬਾਅਦ ਬਲੋਚਿਸਤਾਨ ਦੇ ਸੰਵੇਦਨਸ਼ੀਲ ਇਲਾਕਿਆਂ ਅਤੇ ਅਹਿਮ ਸਥਾਨਾਂ ‘ਤੇ ਸੁਰੱਖਿਆ ਪ੍ਰਬੰਧ ਹੋਰ ਸਖ਼ਤ ਕਰ ਦਿੱਤੇ ਗਏ ਸਨ।
ਇਸ ਹਮਲੇ ਦੀ ਜ਼ਿੰਮੇਵਾਰੀ ਬਲੋਚ ਲਿਬਰੇਸ਼ਨ ਆਰਮੀ (BLA) ਨੇ ਲਈ ਹੈ। ਸੰਗਠਨ ਦੇ ਬੁਲਾਰੇ ਜ਼ਿਆੰਦ ਬਲੋਚ ਨੇ ਮੀਡੀਆ ਨੂੰ ਦਿੱਤੇ ਬਿਆਨ ਵਿੱਚ ਦਾਅਵਾ ਕੀਤਾ ਕਿ ਉਸ ਦੇ ‘ਮਜੀਦ ਬ੍ਰਿਗੇਡ’ ਦੇ ਇੱਕ ਲੜਾਕੇ ਨੇ ਮਸਤੁੰਗ ਦੇ ਕਨਕ ਇਲਾਕੇ ਵਿੱਚ ਫੌਜੀ ਕੈਂਪ ਅੰਦਰ ਵਿਸਫੋਟਕਾਂ ਨਾਲ ਭਰਿਆ ਵਾਹਨ ਲਿਜਾ ਕੇ ਆਤਮਘਾਤੀ ਹਮਲਾ ਕੀਤਾ। ਉਸ ਨੇ 18 ਪਾਕਿਸਤਾਨੀ ਸੁਰੱਖਿਆ ਕਰਮਚਾਰੀਆਂ ਦੇ ਮਾਰੇ ਜਾਣ ਦਾ ਦਾਅਵਾ ਵੀ ਕੀਤਾ, ਹਾਲਾਂਕਿ ਇਨ੍ਹਾਂ ਅੰਕੜਿਆਂ ਦੀ ਸੁਤੰਤਰ ਪੁਸ਼ਟੀ ਨਹੀਂ ਹੋਈ।
BLA ਦੇ ਬੁਲਾਰੇ ਮੁਤਾਬਕ ਧਮਾਕੇ ਤੋਂ ਬਾਅਦ ਸੰਗਠਨ ਦੇ ਲੜਾਕੇ ਕੈਂਪ ਦੇ ਅੰਦਰ ਦਾਖ਼ਲ ਹੋਏ ਅਤੇ ਉੱਥੇ ਤਾਇਨਾਤ ਫੌਜੀ ਕਰਮਚਾਰੀਆਂ ‘ਤੇ ਹਮਲਾ ਕੀਤਾ। ਉਸ ਨੇ ਇਹ ਵੀ ਦਾਅਵਾ ਕੀਤਾ ਕਿ ਮੌਤਾਂ ਦੀ ਗਿਣਤੀ ਵਧ ਸਕਦੀ ਹੈ ਅਤੇ ਉਸ ਦੇ ਬਾਕੀ ਲੜਾਕੇ ਬਿਨਾਂ ਕਿਸੇ ਨੁਕਸਾਨ ਦੇ ਵਾਪਸ ਪਰਤ ਗਏ। ਸੰਗਠਨ ਦੇ ਮੀਡੀਆ ਵਿੰਗ ‘ਹੱਕਲ’ ਵੱਲੋਂ ਜਾਰੀ ਵੀਡੀਓ ਵਿੱਚ ਕੈਂਪ ਨੂੰ ਹੋਏ ਨੁਕਸਾਨ ਅਤੇ ਨੇੜਲੀਆਂ ਚੌਕੀਆਂ ਵੱਲ ਗੋਲੀਬਾਰੀ ਕਰਦੇ ਲੜਾਕੇ ਦਿਖਾਈ ਦੇਣ ਦਾ ਦਾਅਵਾ ਕੀਤਾ ਗਿਆ ਹੈ। ਇਸ ਹਫ਼ਤੇ ਮਸਤੁੰਗ ਅਤੇ ਕਲਾਤ ਜ਼ਿਲ੍ਹਿਆਂ ਵਿੱਚ ਡਰੋਨ ਤੇ IED ਹਮਲਿਆਂ ਦੀਆਂ ਹੋਰ ਘਟਨਾਵਾਂ ਵੀ ਸਾਹਮਣੇ ਆਈਆਂ ਹਨ, ਜਿਨ੍ਹਾਂ ਵਿੱਚ ਫੌਜੀ ਵਾਹਨ ਅਤੇ ਕੈਂਪ ਨੁਕਸਾਨੇ ਜਾਣ ਦੀਆਂ ਰਿਪੋਰਟਾਂ ਹਨ।

