
Ankit Baliyan murder case :ਉੱਤਰ ਪ੍ਰਦੇਸ਼ ਦੇ ਸ਼ਾਮਲੀ ਵਿੱਚ ਪੁਲਿਸ ਨੇ ਹਰਿਆਣਵੀ ਗਾਇਕ ਅੰਕਿਤ ਬਾਲੀਆਂ ਦੇ ਕਤਲ ਦੇ ਮਾਮਲੇ ਵਿੱਚ ਸੋਮਵਾਰ ਨੂੰ ਇੱਕ ਮੁਕਾਬਲੇ ਵਿੱਚ ਦੋ ਸ਼ੱਕੀ ਕਾਤਲਾਂ ਨੂੰ ਮਾਰ ਦਿੱਤਾ। ਮੁਕਾਬਲੇ ਵਿੱਚ ਦੋ ਪੁਲਿਸ ਮੁਲਾਜ਼ਮ ਗੰਭੀਰ ਜ਼ਖਮੀ ਹੋ ਗਏ ਅਤੇ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮਰਨ ਤੋਂ ਪਹਿਲਾਂ, ਸ਼ੱਕੀ ਕਾਤਲਾਂ ਨੇ ਅਪਰਾਧੀ ਰਾਹੁਲ ਦਾ ਨਾਮ ਲਿਆ। ਅਪਰਾਧੀਆਂ ਦੀ ਪਛਾਣ ਸੁਮਿਤ ਅਤੇ ਮੋਹਿਤ ਵਜੋਂ ਹੋਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸੁਮਿਤ ਅਤੇ ਮੋਹਿਤ ਦੋਵੇਂ ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਦੇ ਰਹਿਣ ਵਾਲੇ ਸਨ। ਸ਼ਾਮਲੀ ਦੇ ਐਸਪੀ ਨਰਿੰਦਰ ਪ੍ਰਤਾਪ ਸਿੰਘ ਨੇ ਪੁਸ਼ਟੀ ਕੀਤੀ ਕਿ ਇਹ ਦੋਵੇਂ ਅਪਰਾਧੀ ਅੰਕਿਤ ਬਾਲੀਆਂ ਦੀ ਹੱਤਿਆ ਕਰਨ ਵਾਲੇ ਚਾਰ ਸ਼ੂਟਰਾਂ ਵਿੱਚੋਂ ਸਨ। ਉਨ੍ਹਾਂ ਕਿਹਾ ਕਿ ਇਹ ਮੋਸਟ ਵਾਂਟੇਡ ਅਪਰਾਧੀ ਸਨ।
ਅੰਕਿਤ ਬਾਲੀਆਂ ਦਾ ਕਤਲ 26 ਅਗਸਤ ਦੀ ਸ਼ਾਮ ਨੂੰ ਕੀਤਾ ਗਿਆ ਸੀ
ਡੀਜੀਪੀ ਦੇ ਅਨੁਸਾਰ, ਅੰਕਿਤ ਬਾਲੀਆਂ ਨੂੰ 26 ਅਗਸਤ ਦੀ ਸ਼ਾਮ ਨੂੰ ਚਾਰ ਹਥਿਆਰਬੰਦ ਅਪਰਾਧੀਆਂ ਨੇ ਗੋਲੀ ਮਾਰ ਦਿੱਤੀ ਸੀ। ਇਹ ਘਟਨਾ ਕੋਤਵਾਲੀ ਥਾਣਾ ਖੇਤਰ ਵਿੱਚ ਇੱਕ ਜਿੰਮ ਨੇੜੇ ਅੰਕਿਤ ਬਾਲੀਆਂ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਇਸ ਘਟਨਾ ਤੋਂ ਬਾਅਦ, ਪੂਰੇ ਜ਼ਿਲ੍ਹੇ ਵਿੱਚ ਹਾਈ ਅਲਰਟ ਦਾ ਐਲਾਨ ਕਰ ਦਿੱਤਾ।
ਅੰਕਿਤ ਬਾਲੀਆ ਕਤਲਕਾਂਡ ਦੀ ਜਾਂਚ ਹਰਿਆਣਾ ਪਹੁੰਚੀ
ਤੁਹਾਨੂੰ ਦੱਸ ਦੇਈਏ ਕਿ ਹਰਿਆਣਵੀ ਗਾਇਕ ਅੰਕਿਤ ਬਾਲੀਆਂ ਦੇ ਕਤਲ ਦੀ ਜਾਂਚ ਹੁਣ ਹਰਿਆਣਾ ਤੱਕ ਪਹੁੰਚ ਗਈ ਹੈ। ਸ਼ਾਮਲੀ ਅਤੇ ਮੇਰਠ ਤੋਂ ਪੁਲਿਸ ਦੀਆਂ ਟੀਮਾਂ ਹਿਸਾਰ, ਰੋਹਤਕ ਅਤੇ ਕਰਨਾਲ ਪਹੁੰਚੀਆਂ ਹਨ। ਪੁਲਿਸ ਜਾਂਚ ਮੁਤਾਬਕ, ਗੋਲੀਬਾਰੀ ਕਰਨ ਵਾਲੇ ਮੁਲਜ਼ਮਾਂ ਦਾ ਸਬੰਧ ਇਨ੍ਹਾਂ ਜ਼ਿਲ੍ਹਿਆਂ ਨਾਲ ਹੋਣ ਦਾ ਸ਼ੱਕ ਹੈ।
ਲਗਾਤਾਰ ਛਾਪੇਮਾਰੀ ਤੋਂ ਬਾਅਦ ਪੁਲਿਸ ਨੂੰ ਮਿਲੀ ਕਾਮਯਾਬੀ
ਪੁਲਿਸ ਦੇ ਅਨੁਸਾਰ, ਅੰਕਿਤ ਬਾਲੀਆਂ ਦੇ ਕਤਲ ਤੋਂ ਬਾਅਦ, ਸ਼ੂਟਰਾਂ ਨੂੰ ਲੱਭਣ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹਸੀ । ਜਾਂਚ ਵਿੱਚ ਸਾਹਮਣੇ ਆਇਆ ਕਿ ਚਾਰ ਸ਼ੂਟਰਾਂ ਨੇ ਇਸ ਅਪਰਾਧ ਨੂੰ ਅੰਜਾਮ ਦਿੱਤਾ। ਪੁਲਿਸ ਨੂੰ ਸੂਚਨਾ ਮਿਲੀ ਕਿ ਸੁਮਿਤ ਅਤੇ ਮੋਹਿਤ ਬਾਗਪਤ ਅਤੇ ਲੋਨੀ ਰਾਹੀਂ ਸੋਨੀਪਤ ਜਾਣ ਦੀ ਕੋਸ਼ਿਸ਼ ਕਰ ਰਹੇ ਸਨ। ਫਿਰ ਪੁਲਿਸ ਨੇ ਉਨ੍ਹਾਂ ਨੂੰ ਉਦਯੋਗਿਕ ਖੇਤਰ ਵਿੱਚ ਘੇਰ ਲਿਆ।

ਪੁਲਿਸ ’ਤੇ ਗੋਲੀਬਾਰੀ ਮਗਰੋਂ ਹੋਇਆ ਮੁਕਾਬਲਾ
ਪੁਲਿਸ ਮੁਤਾਬਕ, ਘੇਰਾਬੰਦੀ ਦੌਰਾਨ ਅਪਰਾਧੀਆਂ ਨੇ ਪੁਲਿਸ ਟੀਮ ’ਤੇ ਫਾਇਰਿੰਗ ਕਰ ਦਿੱਤੀ। ਇਸ ਤੋਂ ਬਾਅਦ ਪੁਲਿਸ ਅਤੇ ਅਪਰਾਧੀਆਂ ਵਿਚਾਲੇ ਮੁਕਾਬਲਾ ਹੋਇਆ, ਜਿਸ ਵਿੱਚ ਦੋਵੇਂ ਅਪਰਾਧੀ ਜ਼ਖਮੀ ਹੋ ਗਏ। ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਮੁਕਾਬਲੇ ਦੌਰਾਨ ਦੋ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋਏ ਹਨ।