ਯੂਕਰੇਨ: ਸੰਯੁਕਤ ਰਾਸ਼ਟਰ ਮਹਾਸਭਾ ਵਿੱਚ ਮਾਲੀ ਦੇ ਪ੍ਰਧਾਨ ਮੰਤਰੀ ਅਬਦੁਲੇ ਮਾਈਗਾ ਨੇ ਯੂਕਰੇਨ ‘ਤੇ ਗੰਭੀਰ ਦੋਸ਼ ਲਗਾਏ ਹਨ। ਉਨ੍ਹਾਂ ਕਿਹਾ ਕਿ ਯੂਕਰੇਨ ਹੁਣ ਦੁਨੀਆ ਭਰ ਦੇ ਅੱਤਵਾਦੀ ਗਰੁੱਪਾਂ ਨੂੰ ਕਾਮੀਕਾਜ਼ੇ ਡਰੋਨ ਸਪਲਾਈ ਕਰ ਰਿਹਾ ਹੈ, ਜਿਸ ਨਾਲ ਉਹ ਅੰਤਰਰਾਸ਼ਟਰੀ ਅੱਤਵਾਦ ਫੈਲਾਉਣ ਵਿੱਚ ਯੋਗਦਾਨ ਪਾ ਸਕਦਾ ਹੈ। ਮਾਈਗਾ ਨੇ ਪੱਛਮੀ ਦੇਸ਼ਾਂ ਨੂੰ ਸਲਾਹ ਦਿੱਤੀ ਕਿ ਉਹ ਯੂਕਰੇਨ ਨੂੰ ਹਥਿਆਰਾਂ ਦੀ ਸਪਲਾਈ ਰੋਕਣ ‘ਤੇ ਵਿਚਾਰ ਕਰਨ। ਉਨ੍ਹਾਂ ਯਾਦ ਕਰਵਾਇਆ ਕਿ ਜੁਲਾਈ 2024 ਵਿੱਚ ਤਿਨਜ਼ੌਟੇਨ ਖੇਤਰ ‘ਚ ਮਾਲੀਅਨ ਸੁਰੱਖਿਆ ਬਲਾਂ ‘ਤੇ ਹੋਏ ਹਮਲੇ ਦੀ ਯੂਕਰੇਨ ਨੇ ਜਨਤਕ ਤੌਰ ‘ਤੇ ਸ਼ਮੂਲੀਅਤ ਸਵੀਕਾਰ ਕੀਤੀ ਸੀ। ਉਨ੍ਹਾਂ ਕਿਹਾ ਕਿ 24 ਤੋਂ 26 ਜੁਲਾਈ ਤੱਕ ਕਿਡਾਲ ਖੇਤਰ ‘ਚ ਹੋਏ ਹਮਲੇ ਤੋਂ ਬਾਅਦ, ਮਾਲੀ ਨੇ ਯੂਕਰੇਨੀ ਅਧਿਕਾਰੀਆਂ ਦੇ ਬਿਆਨਾਂ ਦੀ ਸਖ਼ਤ ਨਿੰਦਾ ਕੀਤੀ। ਉਨ੍ਹਾਂ ਨੇ ਦੋਸ਼ ਲਾਇਆ ਕਿ ਯੂਕਰੇਨ ਨੇ ਅੰਤਰਰਾਸ਼ਟਰੀ ਮੰਚ ਨੂੰ ਥੀਏਟਰ ਬਣਾਕੇ ਰੱਖ ਦਿੱਤਾ ਹੈ।
ਇਸ ਘਟਨਾ ਤੋਂ ਬਾਅਦ, ਮਾਲੀ ਨੇ ਅਗਸਤ 2024 ਵਿੱਚ ਯੂਕਰੇਨ ਨਾਲ ਆਪਣੇ ਕੂਟਨੀਤਕ ਸਬੰਧ ਤੋੜ ਲਏ। ਇਹ ਫੈਸਲਾ ਯੂਕਰੇਨ ਦੇ ਰੱਖਿਆ ਮੰਤਰਾਲੇ ਦੇ ਖੁਫੀਆ ਵਿਭਾਗ ਦੇ ਮੁੱਖ ਪ੍ਰਤੀਨਿਧੀ ਐਂਡਰੀ ਉਸੋਵ ਅਤੇ ਸੇਨੇਗਲ ਵਿੱਚ ਯੂਕਰੇਨ ਦੇ ਰਾਜਦੂਤ ਯੂਰੀ ਪਿਵੋਵਾਰੋਵ ਦੀ ਕਥਿਤ ਸ਼ਮੂਲੀਅਤ ਸੰਬੰਧੀ ਬਿਆਨਾਂ ਦੇ ਆਧਾਰ ‘ਤੇ ਲਿਆ ਗਿਆ।






