ਬਲਰਾਮਪੁਰ: ਛੱਤੀਸਗੜ੍ਹ ਤੋਂ ਇੱਕ ਗੰਭੀਰ ਅਤੇ ਚੌਕਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਪੁਲਿਸ ਲਾਈਨ ‘ਚ ਤਾਇਨਾਤ ਕਾਂਸਟੇਬਲ ਸਤੇਂਦਰ ਪਾਠਕ ‘ਤੇ ਇੱਕ 21 ਸਾਲਾ ਕਾਲਜ ਵਿਦਿਆਰਥਣ ਨਾਲ ਦੁਰਵਿਵਹਾਰ ਕਰਨ ਦੇ ਦੋਸ਼ ਲਗਾਏ ਗਏ ਹਨ। ਪੀੜਿਤ ਵਿਦਿਆਰਥਣ ਆਦਿਵਾਸੀ ਭਾਈਚਾਰੇ ਨਾਲ ਸਬੰਧਤ ਹੈ ਅਤੇ ਘਟਨਾ ਤੋਂ ਬਾਅਦ ਉਸਨੇ ਆਪਣੀ ਪੜ੍ਹਾਈ ਛੱਡ ਦਿੱਤੀ।

ਰਿਪੋਰਟਾਂ ਅਨੁਸਾਰ, ਵਿਦਿਆਰਥਣ ਜਸ਼ਪੁਰ ਜ਼ਿਲ੍ਹੇ ਦੇ ਬਗੀਚਾ ਥਾਣਾ ਖੇਤਰ ਦੀ ਰਹਿਣ ਵਾਲੀ ਹੈ ਅਤੇ ਬਲਰਾਮਪੁਰ ‘ਚ ਆਪਣੇ ਰਿਸ਼ਤੇਦਾਰਾਂ ਦੇ ਘਰ ਰਹਿ ਕੇ BA ਦੀ ਪਹਿਲੀ ਸਾਲ ਦੀ ਪੜ੍ਹਾਈ ਕਰ ਰਹੀ ਸੀ। ਉਸਦੇ ਰਿਸ਼ਤੇਦਾਰ, ਜੋ ਕਿ ਦੋਵੇਂ ਪੁਲਿਸ ਵਿਭਾਗ ‘ਚ ਤਾਇਨਾਤ ਹਨ, ਡਿਊਟੀ ‘ਤੇ ਗਏ ਹੋਏ ਸਨ ਜਦੋਂ 22 ਫਰਵਰੀ 2025 ਨੂੰ ਕਾਂਸਟੇਬਲ ਪਾਠਕ ਨੇ ਘਰ ‘ਚ ਦਾਖਲ ਹੋ ਕੇ ਵਿਦਿਆਰਥਣ ਨਾਲ ਦੁਰਵਿਵਹਾਰ ਕੀਤਾ।

ਘਟਨਾ ਦੀ ਜਾਣਕਾਰੀ ਪੀੜਿਤ ਨੇ ਆਪਣੇ ਰਿਸ਼ਤੇਦਾਰਾਂ ਨੂੰ ਦਿੱਤੀ, ਜਿਨ੍ਹਾਂ ਨੇ ਦੋਸ਼ੀ ਨਾਲ ਪੁੱਛਗਿੱਛ ਕੀਤੀ। ਪਾਠਕ ਨੇ ਮੁੜ ਐਸਾ ਨਾ ਕਰਨ ਦੀ ਸਹੁੰ ਖਾਧੀ, ਜਿਸ ਤੋਂ ਬਾਅਦ ਮਾਮਲਾ ਦਬਾ ਦਿੱਤਾ ਗਿਆ। ਹਾਲਾਂਕਿ, ਲਗਭਗ ਦੋ ਹਫ਼ਤਿਆਂ ਬਾਅਦ, ਆਰੋਪੀ ਨੇ ਵਿਦਿਆਰਥਣ ਨੂੰ ਆਪਣੇ ਕਵਾਰਟਰ ਲੈ ਜਾ ਕੇ ਦੁਬਾਰਾ ਦੁਰਵਿਵਹਾਰ ਕੀਤਾ ਅਤੇ ਉਸਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ।

ਡਰ ਅਤੇ ਸ਼ਰਮ ਕਾਰਨ ਵਿਦਿਆਰਥਣ ਨੇ ਪੜ੍ਹਾਈ ਛੱਡ ਕੇ ਘਰ ਵਾਪਸੀ ਕਰ ਲਈ। ਪੀੜਿਤ ਨੇ ਬਲਰਾਮਪੁਰ ਪੁਲਿਸ ਸਟੇਸ਼ਨ ‘ਚ ਸ਼ਿਕਾਇਤ ਦਰਜ ਕਰਵਾਈ, ਪਰ FIR ਦਰਜ ਨਹੀਂ ਹੋਈ। ਬਾਅਦ ‘ਚ ਉਸਨੇ IG ਸਰਗੁਜਾ ਕੋਲ ਸ਼ਿਕਾਇਤ ਕੀਤੀ, ਜਿਸ ਦੇ ਨਿਰਦੇਸ਼ ‘ਤੇ 22 ਸਤੰਬਰ 2025 ਨੂੰ ਬਗੀਚਾ ਥਾਣਾ ਨੇ ਜ਼ੀਰੋ FIR ਦਰਜ ਕਰਕੇ ਕੇਸ ਡਾਇਰੀ ਬਲਰਾਮਪੁਰ ਕੋਤਵਾਲੀ ਭੇਜੀ।

ਕਾਂਸਟੇਬਲ ਸਤੇਂਦਰ ਪਾਠਕ ਵਿਰੁੱਧ IPC ਦੀ ਧਾਰਾ 332(ਬੀ) ਅਤੇ 64(2) ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਫਿਲਹਾਲ ਬਲਰਾਮਪੁਰ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।