ਮੰਨੋਰੰਜ਼ਨ ਨਿਊਜ਼ : ਦਿਲਜੀਤ ਦੋਸਾਂਝ ਦੀ ਫਿਲਮ ‘ਸਤਲੁਜ’ ਨੂੰ ਲੈ ਕੇ ਚੱਲ ਰਹੇ ਵਿਵਾਦ ਦੇ ਦਰਮਿਆਨ ਹੁਣ ਇੱਕ ਹੋਰ ਫਿਲਮ ‘ਦਿ ਇੰਡੀਆ ਸਟੋਰੀ: ਸਲੋ ਪੋਇਜ਼ਨ ਇਨ ਪ੍ਰੋਗਰੈਸ’ ਨਵੇਂ ਵਿਵਾਦਾਂ ਵਿੱਚ ਘਿਰ ਗਈ ਹੈ। 24 ਜੁਲਾਈ ਨੂੰ ਰਿਲੀਜ਼ ਹੋਣ ਵਾਲੀ ਇਸ ਫਿਲਮ ਦੇ ਟੀਜ਼ਰ ਵਿੱਚ ਭਾਰਤੀ ਖੇਤੀਬਾੜੀ, ਕੀਟਨਾਸ਼ਕਾਂ ਅਤੇ ਜਨਤਕ ਸਿਹਤ ਨਾਲ ਜੁੜੇ ਦਾਅਵਿਆਂ ‘ਤੇ ਐਗਰੋਕੈਮੀਕਲ ਉਦਯੋਗ ਨੇ ਸਖ਼ਤ ਇਤਰਾਜ਼ ਜਤਾਇਆ ਹੈ।
ਐਗਰੋ ਕੈਮ ਫੈਡਰੇਸ਼ਨ ਆਫ਼ ਇੰਡੀਆ (ACFI) ਨੇ ਸੈਂਟਰਲ ਬੋਰਡ ਆਫ਼ ਫਿਲਮ ਸਰਟੀਫਿਕੇਸ਼ਨ (CBFC) ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਫਿਲਮ ਨੂੰ ਸਰਟੀਫਿਕੇਟ ਦੇਣ ਤੋਂ ਪਹਿਲਾਂ ਇਸ ਦੀ ਵਿਸਥਾਰ ਨਾਲ ਜਾਂਚ ਕੀਤੀ ਜਾਵੇ। ਫੈਡਰੇਸ਼ਨ ਦਾ ਦਾਅਵਾ ਹੈ ਕਿ ਟੀਜ਼ਰ ਵਿੱਚ ਕੀਟਨਾਸ਼ਕਾਂ ਅਤੇ ਭਾਰਤੀ ਖੇਤੀਬਾੜੀ ਬਾਰੇ ਗੁੰਮਰਾਹਕੁੰਨ ਅਤੇ ਬਿਨਾਂ ਵਿਗਿਆਨਕ ਆਧਾਰ ਵਾਲੇ ਦਾਅਵੇ ਕੀਤੇ ਗਏ ਹਨ।
ਕੀ ਟਰੰਪ ਦੀ ਹੱਤਿਆ ‘ਤੇ ਆਪਣੇ ਆਪ ਐਕਟਿਵ ਹੋਵੇਗਾ ‘ਡੈੱਡ ਮੈਨ ਸਵਿੱਚ’? ਜਾਣੋ ਦਾਅਵਿਆਂ ਦੀ ਸੱਚਾਈ
ਦੂਜੇ ਪਾਸੇ, ਇੱਕ ਖੇਤੀਬਾੜੀ ਕਾਰੋਬਾਰੀ ਵੱਲੋਂ ਫਿਲਮ ਨਿਰਮਾਤਾਵਾਂ ਨੂੰ ਕਾਨੂੰਨੀ ਨੋਟਿਸ ਵੀ ਭੇਜਿਆ ਗਿਆ ਹੈ। ਨੋਟਿਸ ਵਿੱਚ ਟੀਜ਼ਰ ਵਿੱਚ ਦਿਖਾਏ ਅੰਕੜਿਆਂ ਅਤੇ ਦਾਅਵਿਆਂ ਦਾ ਵਿਗਿਆਨਕ ਆਧਾਰ ਮੰਗਿਆ ਗਿਆ ਹੈ। ਵਕੀਲ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਬਿਨਾਂ ਸੋਧ ਫਿਲਮ ਰਿਲੀਜ਼ ਹੋਈ ਤਾਂ ਮਾਮਲਾ ਅਦਾਲਤ ਤੱਕ ਲਿਜਾਇਆ ਜਾਵੇਗਾ।
ਟੀਜ਼ਰ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਭੋਜਨ ਵਿੱਚ ਕੀਟਨਾਸ਼ਕਾਂ ਦੀ ਵੱਧ ਰਹੀ ਵਰਤੋਂ ਕੈਂਸਰ ਅਤੇ ਹੋਰ ਗੰਭੀਰ ਬਿਮਾਰੀਆਂ ਲਈ ਜ਼ਿੰਮੇਵਾਰ ਹੈ। ਇਨ੍ਹਾਂ ਦਾਅਵਿਆਂ ਨੂੰ ਲੈ ਕੇ ਉਦਯੋਗ ਨੇ ਇਸ ਨੂੰ ਕਿਸਾਨਾਂ ਅਤੇ ਖੇਤੀ ਸੈਕਟਰ ਦੀ ਛਵੀ ਖ਼ਰਾਬ ਕਰਨ ਦੀ ਕੋਸ਼ਿਸ਼ ਕਰਾਰ ਦਿੱਤਾ ਹੈ।
ਹਾਲਾਂਕਿ ਫਿਲਮ ਦੇ ਨਿਰਦੇਸ਼ਕ ਚੇਤਨ ਡੀਕੇ ਨੇ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਫਿਲਮ ਕਿਸੇ ਵਿਅਕਤੀ ਜਾਂ ਉਦਯੋਗ ਨੂੰ ਨਿਸ਼ਾਨਾ ਨਹੀਂ ਬਣਾਉਂਦੀ। ਉਨ੍ਹਾਂ ਦਾ ਕਹਿਣਾ ਹੈ ਕਿ ਕਹਾਣੀ ਅਸਲ ਘਟਨਾਵਾਂ ਅਤੇ ਉਪਲਬਧ ਤੱਥਾਂ ‘ਤੇ ਆਧਾਰਿਤ ਹੈ ਅਤੇ ਇਸ ਦਾ ਮਕਸਦ ਸਿਰਫ਼ ਰਸਾਇਣਾਂ ਦੀ ਸਹੀ ਵਰਤੋਂ ਅਤੇ ਲੋਕਾਂ ਵਿੱਚ ਜਾਗਰੂਕਤਾ ਫੈਲਾਉਣਾ ਹੈ।
ਹੁਣ ਸਭ ਦੀਆਂ ਨਜ਼ਰਾਂ CBFC ਦੇ ਫੈਸਲੇ ‘ਤੇ ਟਿਕੀਆਂ ਹਨ ਕਿ ਫਿਲਮ ਨੂੰ ਬਿਨਾਂ ਕਟੌਤੀਆਂ ਦੇ ਮਨਜ਼ੂਰੀ ਮਿਲਦੀ ਹੈ ਜਾਂ ਵਿਵਾਦਾਂ ਦੇ ਚਲਦਿਆਂ ਇਸ ਵਿੱਚ ਸੋਧਾਂ ਕਰਵਾਈਆਂ ਜਾਂਦੀਆਂ ਹਨ।

