Site icon Dainik Savera Punjab

95 ਸਾਲਾ ਦਾਦੀ ਬਣੀ ਫ਼ਰਿਸ਼ਤਾ! ICU ‘ਚ ਲੱਗੀ ਅੱਗ ਦੌਰਾਨ ਦਿਖਾਈ ਹਿੰਮਤ, ਦਰਜਨਾਂ ਜਾਨਾਂ ਬਚਾਉਣ ਦਾ ਸਿਹਰਾ

Muzaffarpur: 95-year-old grandmother becomes angel! Courage shown during ICU fire, credited with saving dozens of lives

Muzaffarpur ਦੇ ਇੱਕ ਨਿੱਜੀ ਹਸਪਤਾਲ ਵਿੱਚ ਵਾਪਰੇ ਦਰਦਨਾਕ ਅੱਗ ਕਾਂਡ ਦੌਰਾਨ 95 ਸਾਲਾ ਬਜ਼ੁਰਗ ਮਹਿਲਾ ਨੇ ਅਜਿਹੀ ਹਿੰਮਤ ਅਤੇ ਸੂਝ-ਬੂਝ ਦਾ ਪ੍ਰਦਰਸ਼ਨ ਕੀਤਾ ਕਿ ਇੱਕ ਵੱਡਾ ਹਾਦਸਾ ਟਲ ਗਿਆ। Prasad Hospital ਦੇ ਆਈਸੀਯੂ ਵਾਰਡ ਵਿੱਚ ਬੀਤੀ ਰਾਤ ਲੱਗੀ ਭਿਆਨਕ ਅੱਗ ਕਾਰਨ ਚਾਰ ਮਰੀਜ਼ਾਂ ਦੀ ਮੌਤ ਹੋ ਗਈ, ਪਰ ਕਈ ਹੋਰ ਜਾਨਾਂ ਬਚਾਉਣ ਦਾ ਸਿਹਰਾ 95 ਸਾਲਾ ਰਾਧਾ ਦੇਵੀ ਨੂੰ ਦਿੱਤਾ ਜਾ ਰਿਹਾ ਹੈ।

ਰਾਧਾ ਦੇਵੀ ਹਾਈ ਬਲੱਡ ਪ੍ਰੈਸ਼ਰ ਅਤੇ ਸਾਹ ਲੈਣ ਵਿੱਚ ਦਿੱਕਤ ਕਾਰਨ ਹਸਪਤਾਲ ਦੇ ਪੰਜਵੇਂ ਮੰਜ਼ਿਲ ‘ਤੇ ਸਥਿਤ ਆਈਸੀਯੂ ਵਿੱਚ ਦਾਖਲ ਸਨ। ਉਹ ਖੁਦ ਆਕਸੀਜਨ ਸਹਾਇਤਾ ‘ਤੇ ਸਨ। ਤੜਕੇ ਕਰੀਬ 3:30 ਵਜੇ ਅਚਾਨਕ ਸ਼ਾਰਟ ਸਰਕਟ ਹੋਣ ਕਾਰਨ ਵਾਰਡ ਵਿੱਚ ਸੰਘਣਾ ਧੂੰਆਂ ਫੈਲਣਾ ਸ਼ੁਰੂ ਹੋ ਗਿਆ। ਹਾਲਾਤਾਂ ਨੂੰ ਸਮਝਦਿਆਂ ਰਾਧਾ ਦੇਵੀ ਨੇ ਬਿਨਾਂ ਘਬਰਾਏ ਆਪਣਾ ਆਕਸੀਜਨ ਮਾਸਕ ਹਟਾਇਆ ਅਤੇ ਤੁਰੰਤ ਬਾਹਰ ਨਿਕਲ ਕੇ ਡਿਊਟੀ ‘ਤੇ ਮੌਜੂਦ ਨਰਸ ਨੂੰ ਅੱਗ ਬਾਰੇ ਜਾਣਕਾਰੀ ਦਿੱਤੀ।

ਉਨ੍ਹਾਂ ਦੇ ਸਮੇਂ ਸਿਰ ਦਿੱਤੇ ਗਏ ਅਲਰਟ ਕਾਰਨ ਹਸਪਤਾਲ ਸਟਾਫ਼ ਹਰਕਤ ਵਿੱਚ ਆ ਗਿਆ ਅਤੇ ਮਰੀਜ਼ਾਂ ਨੂੰ ਬਾਹਰ ਕੱਢਣ ਦੀ ਮੁਹਿੰਮ ਸ਼ੁਰੂ ਕੀਤੀ ਗਈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਜੇਕਰ ਰਾਧਾ ਦੇਵੀ ਕੁਝ ਮਿੰਟ ਵੀ ਦੇਰੀ ਕਰ ਦਿੰਦੀਆਂ ਤਾਂ ਮਰਨ ਵਾਲਿਆਂ ਦੀ ਗਿਣਤੀ ਕਾਫ਼ੀ ਵੱਧ ਸਕਦੀ ਸੀ।

ਫਾਇਰ ਵਿਭਾਗ ਨੂੰ ਕਰੀਬ 3:55 ਵਜੇ ਸੂਚਨਾ ਦਿੱਤੀ ਗਈ, ਜਿਸ ਤੋਂ ਬਾਅਦ ਟੀਮ ਤੁਰੰਤ ਮੌਕੇ ‘ਤੇ ਪਹੁੰਚੀ। ਅੱਗ ਨੇ ਆਈਸੀਯੂ ਦੇ ਕਈ ਬੈੱਡ ਅਤੇ ਮੈਡੀਕਲ ਉਪਕਰਣਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਸੀ। ਫਾਇਰ ਕਰਮਚਾਰੀਆਂ ਨੇ ਮੁਸਤੈਦੀ ਨਾਲ ਕਾਰਵਾਈ ਕਰਦੇ ਹੋਏ 15 ਤੋਂ 20 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ।

ਇਸ ਹਾਦਸੇ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ, ਜਦਕਿ ਕਈ ਹੋਰ ਮਰੀਜ਼ਾਂ ਨੂੰ ਵੱਖ-ਵੱਖ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ। ਪੂਰੇ ਇਲਾਕੇ ਵਿੱਚ ਰਾਧਾ ਦੇਵੀ ਦੀ ਬਹਾਦਰੀ ਅਤੇ ਸੂਝ-ਬੂਝ ਦੀ ਚਰਚਾ ਹੋ ਰਹੀ ਹੈ। ਲੋਕਾਂ ਦਾ ਮੰਨਣਾ ਹੈ ਕਿ ਉਨ੍ਹਾਂ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਦਰਜਨਾਂ ਪਰਿਵਾਰਾਂ ਨੂੰ ਉਜੜਣ ਤੋਂ ਬਚਾ ਲਿਆ।

Exit mobile version